ਫਾਜ਼ਿਲਕਾ ‘ਚ ਹੜ੍ਹ ਦੌਰਾਨ ਪ੍ਰਭਾਵਿਤ ਪਿੰਡਾਂ ਦੇ 20 ਘਰਾਂ ਵਿਚ ਗੁੰਜੀਆਂ ਕਿਲਕਾਰੀਆਂ

  • ਸਿਹਤ ਵਿਭਾਗ ਨੇ ਘਰ-ਘਰ ਜਾ ਕੇ ਸਿਹਤ ਸੂਹਲਤਾਂ ਮੁਹਈਆ ਕਰਵਾਈਆਂ
  • ਵਿਭਾਗ ਦੀਆਂ ਮੁਹਈਆ ਕਰਵਾਈਆਂ ਸਿਹਤ ਸਹੁਲਤਾਂ ਨਾਲ ਸਾਰੇ ਜੱਚਾ ਬੱਚਾ ਸੁਰੱਖਿਅਤ—ਸਿਵਲ ਸਰਜਨ
  • 42 ਹੋਰ ਗਰਭਵਤੀ ਔਰਤਾਂ ਦੇ ਜਣੇਪੇ ਆਉਣ ਵਾਲੇ ਸਮੇਂ ਵਿਚ ਹੋਣ ਵਾਲੇ ਹਨ—ਐਸਐਮਓ
  • ਸਿਹਤ ਵਿਭਾਗ ਸਭ ਦੇ ਸੰਪਰਕ ਵਿਚ

ਫਾਜ਼ਿਲਕਾ, 16 ਜ਼ੁਲਾਈ 2023 – ਫਾਜ਼ਿਲਕਾ ਜ਼ਿਲ੍ਹੇ ਦੇ ਸਰਹੱਦੀ ਪਿੰਡਾਂ ਵਿਚ ਜਿੱਥੇ ਸਤਲੁਜ ਦੇ ਪਾਣੀ ਨੇ ਦਸਤਕ ਦਿੱਤੀ ਹੈ ਉਨ੍ਹਾਂ ਪਿੰਡਾਂ ਵਿਚ ਪਿੱਛਲੇ ਦਿਨਾਂ ਵਿਚ 20 ਘਰਾਂ ਵਿਚ ਕਿਲਕਾਰੀਆਂ ਗੁੰਜੀਆਂ ਹਨ। ਖੁਸ਼ੀ ਦੇ ਇੰਨ੍ਹਾਂ ਪਲਾਂ ਵਿਚ ਸਿਹਤ ਵਿਭਾਗ ਇੰਨ੍ਹਾਂ ਪਰਿਵਾਰਾਂ ਦਾ ਭਾਗੀਦਾਰ ਬਣਿਆ ਹੈ। ਵਿਭਾਗ ਵੱਲੋਂ ਮੁਹਈਆ ਕਰਵਾਈਆਂ ਸਿਹਤ ਸਹੁਲਤਾਂ ਨਾਲ ਸਾਰੇ ਜੱਚਾ ਬੱਚਾ ਸਿਹਤਮੰਦ ਅਤੇ ਸੁਰੱਖਿਅਤ ਹਨ ਅਤੇ ਸਿਹਤ ਵਿਭਾਗ ਦੀਆਂ ਟੀਮਾਂ ਜਣੇਪਾ ਉਪਰੰਤ ਦੀ ਮੈਡੀਕਲ ਸਹਾਇਤਾ ਵੀ ਮੁਹਈਆ ਕਰਵਾਈਆਂ ਗਈਆਂ ਹਨ। ਇਸ ਤੋਂ ਬਿਨ੍ਹਾਂ ਵਿਭਾਗ ਨੇ 42 ਹੋਰ ਗਰਭਵਤੀ ਔਰਤਾਂ ਦੀ ਪਹਿਲਾਂ ਹੀ ਪਹਿਚਾਣ ਕੀਤੀ ਹੋਈ ਹੈ ਜਿੰਨ੍ਹਾਂ ਦਾ ਜਣੇਪਾ ਆਉਣ ਵਾਲੇ ਦਿਨਾਂ ਵਿਚ ਹੋਣ ਵਾਲਾ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਡਾ: ਸੇਨੂ ਦੂੱਗਲ ਨੇ ਦਿੱਤੀ ਹੈ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਫਾਜ਼ਿਲਕਾ ਜ਼ਿਲ੍ਹੇ ਨੂੰ ਤਿਆਰੀਆਂ ਕਰਨ ਲਈ ਕਾਫੀ ਸਮਾਂ ਮਿਲ ਗਿਆ ਸੀ, ਜਿਸ ਅਧਾਰ ਤੇ ਸਿਹਤ ਵਿਭਾਗ ਨੇ ਵਿਭਾਗ ਕੋਲ ਰਜਿਸਟਰਡ ਗਰਭਵਤੀ ਔਰਤਾਂ ਦੀ ਸੁਚੀ ਅਨੁਸਾਰ ਇਸ ਸਮੇਂ ਅਨੁਸਾਰ ਹੋਣ ਵਾਲੇ ਜਣੇਪਿਆਂ ਦੀ ਸੂਚੀ ਪਹਿਲਾਂ ਹੀ ਤਿਆਰ ਕਰਕੇ ਯੋਚਨਾਬੰਦੀ ਕਰ ਲਈ ਸੀ। ਵਿਭਾਗ ਦੀ ਅਗਾਊਂ ਤਿਆਰੀ ਦਾ ਹੀ ਅਸਰ ਹੈ ਕਿ ਇਨ੍ਹਾਂ ਖੇਤਰਾਂ ਵਿੱਚ 20 ਗਰਭਵਤੀ ਔਰਤਾਂ ਦੀ ਸੁਰੱਖਿਅਤ ਡਿਲੀਵਰੀ ਹੋ ਚੁੱਕੀ ਹੈ ਅਤੇ ਬਾਕੀਆਂ ਦੀ ਸੂਚੀ ਅਨੁਸਾਰ ਦੇਖਭਾਲ ਅਤੇ ਇਲਾਜ ਚੱਲ ਰਿਹਾ ਹੈ।
ਸਿਵਲ ਸਰਜਨ ਡਾ: ਸਤੀਸ਼ ਗੋਇਲ ਨੇ ਕਿਹਾ ਕਿ ਵਿਭਾਗ ਨੇ ਮੁੱਢਲੀਆਂ ਸਿਹਤ ਸਹੂਲਤਾਂ ਦੇਣ ਅਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਹਰ ਪਿੰਡ ਵਿੱਚ ਆਸ਼ਾ ਵਰਕਰਾਂ ਦੀ ਨਿਯੁਕਤੀ ਕੀਤੀ ਹੋਈ ਹੈ।

ਆਸ਼ਾ ਵਰਕਰਾਂ ਦੀ ਮਦਦ ਨਾਲ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਹੁਣ ਤੱਕ 20 ਗਰਭਵਤੀ ਔਰਤਾਂ ਦੀ ਜਣੇਪੇ ਤੋਂ ਬਾਅਦ ਜਨਮ ਤੋਂ ਬਾਅਦ ਦਾ ਚੈਕਅੱਪ ਵੀ ਘਰਾਂ ਵਿੱਚ ਜਾ ਕੇ ਕੀਤਾ ਜਾ ਰਿਹਾ ਹੈ। ਆਸ਼ਾ ਵਰਕਰਾਂ ਅਤੇ ਏਐਨਐਮ ਜਣੇਪੇ ਤੋਂ ਬਾਅਦ ਜ਼ਰੂਰੀ ਦਵਾਈਆਂ ਦੇਣ ਅਤੇ ਮਾਂ ਅਤੇ ਬੱਚੇ ਦੀ ਦੇਖਭਾਲ ਲਈ ਹਰ ਘਰ ਦਾ ਦੌਰਾ ਕਰ ਰਹੀਆਂ ਹਨ।ਉਨ੍ਹਾਂ ਦੱਸਿਆ ਕਿ ਮਹਾਤਮ ਨਗਰ ਦੇ ਕੰਟਰੋਲ ਰੂਮ ਵਿਚ ਸਿਹਤ ਵਿਭਾਗ ਦੀ ਟੀਮ ਸਮੇਤ ਐਂਬੂਲੈਂਸ 24 ਘੰਟੇ ਤਾਇਨਾਤ ਹੈ ਤਾਂ ਜੋ ਗਰਭਵਤੀ ਔਰਤ ਨੂੰ ਰਾਤ ਨੂੰ ਵੀ ਲੋੜ ਪੈਣ ’ਤੇ ਜਲਦੀ ਸਿਵਲ ਹਸਪਤਾਲ ਪਹੁੰਚਾਇਆ ਜਾ ਸਕੇ।

ਬਲਾਕ ਡੱਬਵਾਲਾ ਕਲਾਂ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ: ਕਵਿਤਾ ਸਿੰਘ ਨੇ ਦੱਸਿਆ ਕਿ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਵਿਭਾਗ ਵੱਲੋਂ ਗਰਭਵਤੀ ਔਰਤਾਂ ਦੇ ਸੰਭਾਵੀ ਜਣੇਪੇ ਦੀ ਸੂਚੀ ਤਿਆਰ ਕੀਤੀ ਗਈ ਹੈ ਅਤੇ ਆਸ਼ਾ ਵਰਕਰਾਂ ਨੂੰ ਹਦਾਇਤ ਕੀਤੀ ਗਈ ਸੀ ਕਿ ਉਹ ਲਗਾਤਾਰ ਉਨ੍ਹਾਂ ਨਾਲ ਸੰਪਰਕ ਰੱਖਣ ਅਤੇ ਜਦੋਂ ਹੀ ਜਣੇਪੇ ਦਾ ਦਰਦ ਸ਼ੁਰੂ ਹੋਇਆ ਤਾਂ ਤੁਰੰਤ ਸਰਕਾਰੀ ਐਂਬੂਲੈਂਸ ਦਾ ਪ੍ਰਬੰਧ ਕੀਤਾ ਗਿਆ। ਇਸ ਤਰਾਂ 20 ਜਣੇਪੇ ਹੋਏ ਹਨ ਜਿੱਥੇ ਮਾਂ ਅਤੇ ਬੱਚਾ ਦੋਵੇਂ ਸੁਰੱਖਿਅਤ ਹਨ ਅਤੇ ਬਾਕੀ ਸੂਚੀ ਅਨੁਸਾਰ ਆਸ਼ਾ ਵਰਕਰ ਅਤੇ ਏਐਨਐਮ ਲਗਾਤਾਰ ਸੰਪਰਕ ਵਿੱਚ ਹਨ।ਸੀਮਾ ਰਾਣੀ ਜਿਸਦੀ ਡਲੀਵਰੀ ਪਿੱਛਲੇ ਦਿਨੀ ਸਰਕਾਰੀ ਹਸਪਤਾਲ ਵਿਚ ਹੋਈ ਨੇ ਦੱਸਿਆ ਕਿ ਉਸਨੂੰ ਸਿਹਤ ਵਿਭਾਗ ਵੱਲੋਂ ਹਰ ਪ੍ਰਕਾਰ ਦੀ ਮਦਦ ਮੁਹਈਆ ਕਰਵਾਈ ਗਈ ਅਤੇ ਬਿਲਕੁਲ ਮੁਫ਼ਤ ਜੱਚਾ ਬੱਚਾ ਸੇਵਾਵਾਂ ਮਿਲੀਆਂ ਹਨ।

ਬਲਾਕ ਮਾਸ ਮੀਡੀਆ ਇੰਚਾਰਜ ਦਿਵੇਸ਼ ਕੁਮਾਰ ਨੇ ਦੱਸਿਆ ਕਿ ਮਮਤਾ ਦਿਵਸ ਮੌਕੇ ਇਨ੍ਹਾਂ ਖੇਤਰਾਂ ਵਿੱਚ 42 ਨਵੀਆਂ ਗਰਭਵਤੀ ਔਰਤਾਂ ਦਾ ਚੈਕਅੱਪ ਕੀਤਾ ਗਿਆ ਹੈ ਅਤੇ 64 ਬੱਚਿਆਂ ਦਾ ਟੀਕਾਕਰਨ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਆਸ਼ਾ ਵਰਕਰਾਂ ਅਸਲ ਵਿੱਚ ਹੜ੍ਹ ਪ੍ਰਭਾਵਿਤ ਪਿੰਡਾਂ ਵਿੱਚ ਉਮੀਦ ਜਗਾਉਣ ਲਈ ਕੰਮ ਕਰ ਰਹੀਆਂ ਹਨ। ਸਿਹਤ ਵਿਭਾਗ ਵੱਲੋਂ ਪਿੰਡਾਂ ਵਿੱਚ ਰੱਖੀਆਂ ਆਸ਼ਾ ਵਰਕਰਾਂ ’ਤੇ ਲੋਕਾਂ ਦਾ ਵਿਸ਼ਵਾਸ ਹੈ ਅਤੇ 1000 ਦੀ ਆਬਾਦੀ ’ਤੇ ਕੰਮ ਕਰਨ ਵਾਲੀ ਆਸ਼ਾ ਵੀ ਹਰ ਘਰ ਵਿੱਚ ਆਸਾਨੀ ਨਾਲ ਪਹੁੰਚ ਰਹੀ ਹੈ, ਜਿਸ ਤਹਿਤ ਲੋਕਾਂ ਨੂੰ ਚੰਗੀ ਸਿਹਤ ਆਸਾਨੀ ਨਾਲ ਮਿਲ ਰਹੀ ਹੈ।

ਜਿਕਰਯੋਗ ਹੈ ਕਿ ਆਸ਼ਾ ਵਰਕਰ ਅਜਿਹੇ ਸਟਾਫ ਦਾ ਇੱਕ ਹਿੱਸਾ ਹੈ, ਜਿਸਦਾ ਕੰਮ ਪਿੰਡਾਂ ਅਤੇ ਕਸਬਿਆਂ ਵਿੱਚ ਘਰ—ਘਰ ਜਾ ਕੇ ਲੋਕਾਂ ਨੂੰ ਸਿਹਤ ਸੇਵਾਵਾਂ ਪ੍ਰਦਾਨ ਕਰਨਾ ਹੈ, ਖਾਸ ਕਰਕੇ ਗਰਭਵਤੀ ਔਰਤਾਂ ਦੀ ਜਾਂਚ ਅਤੇ ਸੁਰੱਖਿਅਤ ਜਣੇਪੇ ਅਤੇ ਮਾਂ ਅਤੇ ਬੱਚੇ ਦੀ ਦੇਖਭਾਲ ਕਰਨਾ, ਜਿਸ ਵਿੱਚ ਆਸ਼ਾ ਵਰਕਰ ਦਾ ਇਹ ਮਹੱਤਵਪੂਰਨ ਭੁਮਿਕਾ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਕਾਂਗਰਸ ਨੂੰ ਛੱਡ ਭਾਜਪਾ ‘ਚ ਸ਼ਾਮਲ ਹੋਏ ਅਸ਼ਵਨੀ ਸੇਖੜੀ

ਪੰਜਾਬ ਸਰਕਾਰ ਡਾ. ਬੀ.ਆਰ. ਅੰਬੇਦਕਰ ਦੇ ਮਿਆਰੀ ਸਿੱਖਿਆ ਦੇ ਸੁਪਨੇ ਨੂੰ ਪੂਰਾ ਕਰਨ ਲਈ ਪੁਰਜ਼ੋਰ ਯਤਨ ਕਰ ਰਹੀ ਹੈ – ਬਲਕਾਰ ਸਿੰਘ