ਚੰਡੀਗੜ੍ਹ, 16 ਜੁਲਾਈ 2023: ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਪ੍ਰਧਾਨ ਅਤੇ ਸਾਬਕਾ ਕੇਂਦਰੀ ਮੰਤਰੀ ਸ. ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਐਨ. ਡੀ. ਏ. ਦੀ ਹੋਣ ਵਾਲੀ ਮੀਟਿੰਗ ਵਿੱਚ ਉਨ੍ਹਾ ਨਾਲ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਜਸਟਿਸ ਨਿਰਮਲ ਸਿੰਘ( ਸੇਵਾ ਮੁਕਤ) ਵੀ ਮੌਜੂਦ ਹੋਣਗੇ। ਉਨ੍ਹਾ ਦੱਸਿਆ ਕਿ ਮੀਟਿੰਗ ਵਿੱਚ ਸਿੱਖ ਪੰਥ ਅਤੇ ਪੰਜਾਬ ਦੇ ਲੰਮੇ ਸਮੇਂ ਤੋਂ ਲਟਕਦੇ ਮਸਲੇ ਹੱਲ ਕਰਨ ਦੀ ਮੰਗ ਕੀਤੀ ਜਾਵੇਗੀ। ਸ. ਢੀਂਡਸਾ ਨੇ ਕਿਹਾ ਕਿ ਕੇਂਦਰ ਸਰਕਾਰ ਪੰਥਕ ਮਸਲਿਆਂ ਦਾ ਹੱਲ ਕੱਢੇ ਜਿਸ ਲਈ ਸ਼੍ਰੋਮਣੀ ਅਕਾਲੀ ਦਲ ਲੰਬੇ ਸਮੇਂ ਤੋਂ ਸੰਘਰਸ਼ ਕਰ ਰਿਹਾ ਹੈ। ਉਨ੍ਹਾ ਕਿਹਾ ਕਿ ਇਸ ਮੀਟਿੰਗ ਵਿਚ ਐਨਡੀਏ ਦਾ ਘੱਟੋ-ਘੱਟ| ਪ੍ਰੋਗਰਾਮ ਬਣਾਉਣ ਸਮੇਂ ਪੰਜਾਬ ਦੇ ਲੋਕਾਂ ਦੀ ਸੋਚ, ਹਿੰਦੂ ਸਿੱਖ ਕਮਿਊਨਿਟੀ ਦੀ ਆਪਸੀ ਭਾਈਚਾਰਕ ਸਾਂਝ, ਉਥੋਂ ਦੇ ਸੱਭਿਆਚਾਰ, ਸਮਾਜਿਕ ਅਤੇ ਰਾਜਨੀਤਕ ਤਾਣੇ ਬਾਣੇ ਨੂੰ ਮੁੱਖ ਰੱਖ ਕੇ ਬਣਾਏ ਜਾਣ ਤੇ ਜ਼ੋਰ ਦਿੱਤਾ ਜਾਵੇਗਾ।
ਇਸ ਤੋ ਇਲਾਵਾ ਜੇਲ੍ਹਾਂ ਵਿੱਚ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ, ਪਰਵਾਸੀ ਪੰਜਾਬੀਆਂ ਦੀ ਕਾਲੀਆਂ ਸੂਚੀਆਂ ਦਾ ਖਾਤਮਾ, ਐੱਸ.ਜੀ.ਪੀ.ਸੀ ਦੀਆਂ ਚੋਣਾਂ ਛੇਤੀ ਕਰਵਾਉਣ, ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦਾ ਮੁੱਦਾ, ਪੰਜਾਬ ਸਿਰ ਚੜ੍ਹੇ ਕਰਜ਼ੇ ਦੀ ਮੁਆਫ਼ੀ, ਵਪਾਰ ਲਈ ਵਾਹਗਾ ਬਾਰਡਰ ਖੋਲ੍ਹਣ ਆਦਿ ਤੋ ਇਲਾਵਾ ਉਚੇਚੇ ਤੌਰ ਤੇ ਸੂਬੇ ਵਿਚ ਆਏ ਹੜ੍ਹ ਕਾਰਨ ਹੋਏ ਨੁਕਸਾਨ ਦੀ ਭਰਪਾਈ ਲਈ ਵਾਧੂ ਆਰਥਕ ਪੈਕਜ ਦੇਣ ਦੀ ਮੰਗ ਕੀਤੀ ਜਾਵੇਗੀ।
ਸ: ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦਾ ਮੁੱਖ ਮਨੋਰਥ ਪੰਜਾਬ ਦੇ ਰੋਸ਼ਨ ਭਵਿੱਖ ਲਈ ਨਿੱਜੀ ਹਿੱਤਾਂ ਨੂੰ ਲਾਂਭੇ ਕਰਕੇ ਪੰਥ ਅਤੇ ਪੰਜਾਬ ਦੇ ਹੱਕੀ ਮਸਲੇ ਹੱਲ ਕਰਵਾਉਣਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੀ ਆਜਾ਼ਦੀ ਵਿੱਚ ਪੰਜਾਬ ਅਤੇ ਖਾਸਕਰ ਸਿੱਖਾਂ ਨੇ ਬਹੁਤ ਵੱਡੀਆਂ ਕੁਰਬਾਨੀਆਂ ਦੇ ਕੇ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਵੱਡਮੁਲਾ ਯੋਗਦਾਨ ਪਾਇਆ ਹੈ ਪ੍ਰੰਤੂ ਸਮੇਂ ਦੀਆਂ ਸਰਕਾਰਾਂ ਨੇ ਪੰਜਾਬੀਆਂ ਅਤੇ ਸਿੱਖਾਂ ਦੀਆਂ ਕੁਰਬਾਨੀਆਂ ਦਾ ਸਹੀ ਮੁੱਲ ਨਹੀ ਪਾਇਆ।
ਉਪਰੋਕਤ ਮੰਗਾਂ ਸਬੰਧੀ ਸ: ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਇਹ ਮੰਗਾਂ ਕਈਂ ਦਹਾਕਿਆਂ ਤੋਂ ਲਟਕਦੀਆਂ ਆ ਰਹੀਆਂ ਹਨ। ਉਨ੍ਹਾ ਕਿਹਾ ਕਿ ਕਾਂਗਰਸ ਸਰਕਾਰ ਨੇ ਦੇਸ਼ ਸਮੇਤ ਪੰਜਾਬ ਵਿੱਚ ਸਿੱਖਾਂ ਅਤੇ ਪੰਜਾਬ ਦਾ ਜੋ ਨੁਕਸਾਨ ਕੀਤਾ ਹੈ ਉਹ ਕਦੇ ਵੀ ਭੁੱਲਿਆ ਨਹੀ ਜਾ ਸਕਦਾ। ਸ: ਢੀਂਡਸਾ ਨੇ ਉਮੀਦ ਜ਼ਾਹਿਰ ਕੀਤੀ ਕਿ ਕੇਂਦਰ ਵਿਚ ਐਨ.ਡੀ.ਏ.ਦੀ ਸਰਕਾਰ ਸਿੱਖਾਂ ਦੀਆਂ ਚਿਰੋਕਣੀਆਂ ਮੰਗਾਂ ਨੂੰ ਮੰਨ ਕੇ ਕਾਂਗਰਸ ਸਰਕਾਰਾਂ ਵੱਲੋਂ ਦਿੱਤੇ ਗਏ ਜ਼ਖ਼ਮਾਂ `ਤੇ ਮੱਲ੍ਹਮ ਲਾਉਣ ਦਾ ਕੰਮ ਕਰੇ।