ਚੰਡੀਗੜ੍ਹ, 16 ਜੁਲਾਈ 2023 – ਪੰਜਾਬ ਦੇ ਹੜ੍ਹ ਨਾਲ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਪੰਜਾਬ ਪੀ.ਸੀ.ਐਸ. ਰਿਟਾਇਰਡ ਅਫ਼ਸਰਜ਼ ਐਸੋਸੀਏਸ਼ਨ ਨੇ ਆਪਣਾ ਵਡਮੁੱਲਾ ਯੋਗਦਾਨ ਪਾਉਣ ਦਾ ਫੈਸਲਾ ਕੀਤਾ ਹੈ।
ਇਸ ਦੀ ਜਾਣਕਾਰੀ ਦਿੰਦੇ ਹੋਏ ਅੱਜ ਇੱਥੇ ਐਸੋਸੀਏਸ਼ਨ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਸ੍ਰੀ ਜੀ.ਐਸ. ਬਾਹੀਆ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਹੜ੍ਹਾਂ ਨਾਲ ਪ੍ਰਭਾਵਿਤ ਲੋਕਾਂ ਦੀ ਮਦਦ ਦਾ ਫੈਸਲਾ ਲਿਆ ਗਿਆ। ਉਨ੍ਹਾਂ ਦੱਸਿਆ ਕਿ ਸੂਬਾ ਸਰਕਾਰ/ਜ਼ਿਲ੍ਹਾ ਪ੍ਰਸ਼ਾਸਨ ਮੋਹਾਲੀ ਵੱਲੋਂ ਕੀਤੇ ਜਾ ਰਹੇ ਹੜ੍ਹ ਰਾਹਤ ਪ੍ਰਬੰਧਾਂ ਵਿੱਚ ਸਾਂਝੇ ਤੌਰ ‘ਤੇ ਯੋਗਦਾਨ ਪਾਉਣ ਲਈ ਸਰਬਸੰਮਤੀ ਨਾਲ ਫੈਸਲਾ ਕੀਤਾ ਗਿਆ ਹੈ।
ਬੁਲਾਰੇ ਅਨੁਸਾਰ ਡਿਪਟੀ ਕਮਿਸ਼ਨਰ ਦਫ਼ਤਰ ਮੋਹਾਲੀ ਵਿਖੇ ਲੋੜਵੰਦਾਂ ਨੂੰ ਵੰਡਣ ਲਈ 57000 ਰੁਪਏ ਦੀ ਕੀਮਤ ਦੀਆਂ ਸਟੀਲ ਦੀਆਂ 500 ਥਾਲੀਆਂ ਤੇ 500 ਗਲਾਸ ਭੇਜੇ ਗਏ। ਇਸ ਦੇ ਨਾਲ ਹੀ 20000 ਰੁਪਏ ਦੀ ਕੀਮਤ ਦੇ ਪਾਣੀ ਦੇ 220 ਡੱਬੇ ਵੀ ਭੇਜੇ ਗਏ ਹਨ।
ਇਸ ਤੋਂ ਇਲਾਵਾ ਐਸ.ਡੀ.ਐਮ. ਡੇਰਾਬੱਸੀ ਨੂੰ 20,000 ਰੁਪਏ ਦੀ ਕੀਮਤ ਦੀਆਂ ਓ.ਆਰ.ਐਸ. ਅਤੇ ਜ਼ੈਡ.ਐਨ. ਗੋਲੀਆਂ ਭੇਜੀਆਂ ਗਈਆਂ ਅਤੇ ਐਸ.ਡੀ.ਐਮ. ਦਫ਼ਤਰ, ਖਰੜ ਵਿਖੇ 20000 ਰੁਪਏ ਦੀ ਕੀਮਤ ਦਾ ਹੜ੍ਹ ਰਾਹਤ ਸਬੰਧੀ ਸਾਮਾਨ ਭੇਜਿਆ ਗਿਆ ਹੈ।