ਜਲੰਧਰ, 18 ਜੁਲਾਈ 2023 – ਜਲੰਧਰ ਸ਼ਹਿਰ ‘ਚ ਸੋਮਵਾਰ ਦੇਰ ਰਾਤ ਗੁੰਡਾਗਰਦੀ ਦਾ ਨੰਗਾ ਨਾਚ ਦੇਖਣ ਨੂੰ ਮਿਲਿਆ। ਮੁਹੱਲਾ ਗੋਬਿੰਦਗੜ੍ਹ ‘ਚ ਲੁਟੇਰਿਆਂ ਦੇ ਇਕ ਗਿਰੋਹ ਨੇ ਕੇਬਲ ਆਪਰੇਟਰ ਸ਼ਰਨਦੀਪ ਸਾਗਰ ਦੇ ਘਰ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਹਮਲੇ ਵਿੱਚ ਸਾਗਰ ਖ਼ੁਦ, ਉਸ ਦਾ ਪਿਤਾ ਦਲਜੀਤ ਸਿੰਘ ਅਤੇ ਮਾਤਾ ਸੁਖਮਿੰਦਰ ਕੌਰ ਜ਼ਖ਼ਮੀ ਹੋ ਗਏ। ਹਫਤਾ ਵਸੂਲੀ ਕਰਨ ਵਾਲੇ ਗਰੋਹ ਨੇ ਕੀਤਾ ਕਿਉਂਕਿ ਕੇਬਲ ਆਪਰੇਟਰ ਨੇ ਉਨ੍ਹਾਂ ਨੂੰ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ ਸੀ।
ਕੁੱਟਮਾਰ ਦੀ ਘਟਨਾ ਕੇਬਲ ਆਪਰੇਟਰ ਦੇ ਘਰ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਵੀ ਕੈਦ ਹੋ ਗਈ ਹੈ। ਸਾਗਰ ਨੇ ਦੱਸਿਆ ਕਿ ਉਸ ਨੇ ਸਵੈ-ਰੱਖਿਆ ਵਿੱਚ ਆਪਣੀ ਲਾਇਸੰਸੀ ਪਿਸਤੌਲ ਨਾਲ ਹਵਾ ਵਿੱਚ ਗੋਲੀ ਵੀ ਚਲਾਈ ਪਰ ਗੁੰਡਾ ਅਨਸਰਾਂ ਨੇ ਉਸ ਦੇ ਹੱਥੋਂ ਪਿਸਤੌਲ ਖੋਹ ਲਿਆ। ਸਾਗਰ ਨੇ ਦੱਸਿਆ ਕਿ ਗੁੰਡਾ ਗਿਰੋਹ ਜੋ ਰਾਤ ਸਮੇਂ ਉਸ ਦੇ ਘਰ ਹਫਤਾ ਵਸੂਲੀ ਲੈਣ ਆਇਆ ਸੀ, ਨੇ ਉਸ ਨੂੰ ਪਹਿਲਾਂ ਵੀ ਪੈਸੇ ਦੇਣ ਲਈ ਕਿਹਾ ਸੀ, ਪਰ ਉਸ ਨੇ ਸਾਫ਼ ਇਨਕਾਰ ਕਰ ਦਿੱਤਾ।
ਸਾਗਰ ਨੇ ਦੱਸਿਆ ਕਿ ਹਮਲਾਵਰ ਉਸ ਦੇ ਇਲਾਕੇ ਦੇ ਨੇੜੇ ਹੀ ਰਹਿੰਦੇ ਹਨ। ਕੁੱਲ ਹਮਲਾਵਰ 5 ਸਨ। ਉਹ ਇੱਕ ਕਾਰ ਅਤੇ ਇੱਕ ਆਟੋ ਵਿੱਚ ਆਏ ਸਨ। ਹਮਲਾਵਰ ਉਸ ਤੋਂ ਇੱਕ ਲੱਖ ਰੁਪਏ ਦੀ ਮੰਗ ਕਰ ਰਹੇ ਸਨ। ਪੈਸੇ ਨਾ ਦਿੱਤੇ ਜਾਣ ‘ਤੇ ਉਹ ਜ਼ਬਰਦਸਤੀ ਘਰ ਅੰਦਰ ਵੜ ਆਏ। ਸਾਗਰ ਦੇ ਪਿਤਾ ਦਲਜੀਤ ਵੀ ਮੰਦਰ ਦੇ ਪ੍ਰਧਾਨ ਹਨ। ਉਨ੍ਹਾਂ ਦੱਸਿਆ ਕਿ ਮੰਦਰ ਦੀ ਕਰੀਬ 70 ਹਜ਼ਾਰ ਰੁਪਏ ਦੀ ਨਕਦੀ ਅਤੇ ਪੁੱਤਰ ਦੇ ਗਲੇ ‘ਚੋਂ ਸੋਨੇ ਦੀ ਚੇਨ ਲੁੱਟ ਕੇ ਫਰਾਰ ਹੋ ਗਏ |