ਖੇਡ ਮੰਤਰੀ ਨੇ ਕਨਿਕਾ ਆਹੂਜਾ ਨੂੰ ਭਾਰਤੀ ਕ੍ਰਿਕਟ ਟੀਮ ਵਿੱਚ ਚੁਣੇ ਜਾਣ ਉਤੇ ਮੁਬਾਰਕਬਾਦ ਦਿੱਤੀ

  • ਮੀਤ ਹੇਅਰ ਨੇ ਏਸ਼ਿਆਈ ਖੇਡਾਂ ਲਈ ਭਾਰਤੀ ਟੀਮ ਨੂੰ ਦਿੱਤੀਆਂ ਸ਼ੁਭਕਾਮਨਾਵਾਂ
  • ਮਹਿਲਾ ਕ੍ਰਿਕਟ ਵਿੱਚ ਕੌਮਾਂਤਰੀ ਪੱਧਰ ਉਤੇ ਨਾਮ ਰੌਸ਼ਨ ਕਰ ਰਹੀਆਂ ਹਨ ਪੰਜਾਬ ਦੀਆਂ ਖਿਡਾਰਨਾਂ

ਚੰਡੀਗੜ੍ਹ, 18 ਜੁਲਾਈ 2023 – ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਕ੍ਰਿਕਟਰ ਕਨਿਕਾ ਆਹੂਜਾ ਨੂੰ ਭਾਰਤੀ ਮਹਿਲਾ ਕ੍ਰਿਕਟ ਟੀਮ ਵਿੱਚ ਚੁਣੇ ਜਾਣ ਉਤੇ ਮੁਬਾਰਕਬਾਦ ਦਿੰਦਿਆਂ ਉਸ ਨੂੰ ਆਉਣ ਵਾਲੀਆਂ ਏਸ਼ਿਆਈ ਖੇਡਾਂ ਵਿੱਚ ਚੰਗੇ ਪ੍ਰਦਰਸ਼ਨ ਲਈ ਸ਼ੁਭਕਾਮਨਾਵਾਂ ਦਿੱਤੀਆਂ।

ਅੱਜ ਇਥੇ ਪੰਜਾਬ ਸਿਵਲ ਸਕੱਤਰੇਤ ਵਿਖੇ ਆਪਣੇ ਦਫਤਰ ਵਿਖੇ ਕਨਿਕਾ ਆਹੂਜਾ ਨਾਲ ਮੁਲਾਕਾਤ ਕਰਦਿਆਂ ਮੀਤ ਹੇਅਰ ਨੇ ਭਾਰਤੀ ਕ੍ਰਿਕਟ ਟੀਮ ਵਿੱਚ ਪਹਿਲੀ ਵਾਰ ਚੁਣੇ ਜਾਣ ਉਤੇ ਮੁਬਾਰਕਬਾਦ ਦਿੱਤੀ। ਪਟਿਆਲਾ ਦੀ ਰਹਿਣ ਵਾਲੀ 20 ਵਰ੍ਹਿਆਂ ਦੀ ਕਨਿਕਾ ਨੇ ਇਸ ਤੋਂ ਪਹਿਲਾਂ ਭਾਰਤ ਏ, ਘਰੇਲੂ ਕ੍ਰਿਕਟ ਵਿੱਚ ਪੰਜਾਬ ਅਤੇ ਮਹਿਲਾ ਪ੍ਰੀਮੀਅਰ ਲੀਗ ਵਿੱਚ ਬੰਗਲੌਰ ਦੀ ਟੀਮ ਵੱਲੋਂ ਬਿਹਤਰੀਨ ਪ੍ਰਦਰਸ਼ਨ ਕੀਤਾ ਹੈ।

ਮੀਤ ਹੇਅਰ ਨੇ ਕਿਹਾ ਕਿ ਪਿਛਲੇ ਕੁਝ ਅਰਸੇ ਤੋਂ ਪੰਜਾਬ ਦੀਆਂ ਖਿਡਾਰਨਾਂ ਕ੍ਰਿਕਟ ਖੇਡ ਵਿੱਚ ਬਹੁਤ ਵਧੀਆ ਪ੍ਰਦਰਸ਼ਨ ਕਰ ਰਹੀਆਂ ਹਨ। ਕਪਤਾਨ ਹਰਮਨਪ੍ਰੀਤ ਕੌਰ, ਹਰਲੀਨ ਦਿਓਲ, ਤਾਨੀਆ ਭਾਟੀਆ ਤੋਂ ਬਾਅਦ ਹੁਣ ਕਨਿਕਾ ਨੇ ਭਾਰਤੀ ਟੀਮ ਵਿੱਚ ਥਾਂ ਬਣਾ ਕੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ। ਪੰਜਾਬ ਨੂੰ ਖੇਡਾਂ ਵਿੱਚ ਮੁੜ ਦੇਸ਼ ਦਾ ਮੋਹਰੀ ਸੂਬਾ ਬਣਾਉਣ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਨਿਰੰਤਰ ਉਪਰਾਲੇ ਕਰ ਰਹੀ ਹੈ।

ਸਤੰਬਰ-ਅਕਤੂਬਰ ਮਹੀਨੇ ਚੀਨ ਦੇ ਸ਼ਹਿਰ ਹਾਂਗਜ਼ੂ ਵਿਖੇ ਹੋਣ ਵਾਲੀਆਂ ਏਸ਼ਿਆਈ ਖੇਡਾਂ ਲਈ ਚੁਣੀ ਗਈ ਭਾਰਤੀ ਟੀਮ ਵਿੱਚ ਕਪਤਾਨ ਹਰਮਨਪ੍ਰੀਤ ਕੌਰ ਤੇ ਕਨਿਕਾ ਆਹੂਜਾ ਨੂੰ ਸ਼ਾਮਲ ਕੀਤਾ ਗਿਆ ਹੈ। ਹਰਲੀਨ ਦਿਓਲ ਸਟੈਂਡ ਬਾਏ ਖਿਡਾਰਨ ਹੈ। ਖੇਡ ਮੰਤਰੀ ਨੇ ਏਸ਼ਿਆਈ ਖੇਡਾਂ ਵਿੱਚ ਚੰਗੇ ਪ੍ਰਦਰਸ਼ਨ ਲਈ ਸ਼ੁਭ ਇੱਛਾਵਾਂ ਦਿੱਤੀਆਂ। ਏਸ਼ਿਆਈ ਖੇਡਾਂ ਵਿੱਚ ਭਾਰਤੀ ਖੇਡ ਦਲ ਵਿੱਚ ਪੰਜਾਬ ਦੇ ਖਿਡਾਰੀਆਂ ਦੀ ਵੱਡੀ ਗਿਣਤੀ ਹੈ। ਤਮਗ਼ਾ ਜੇਤੂ ਖਿਡਾਰੀਆਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਨਗਦ ਇਨਾਮ ਨਾਲ ਸਨਮਾਨਿਆ ਜਾਵੇਗਾ।

ਮੀਤ ਹੇਅਰ ਨੇ ਕਨਿਕਾ ਆਹੂਜਾ ਨਾਲ ਗੱਲਬਾਤ ਕਰਦਿਆਂ ਉਸ ਦੀ ਖੇਡ ਵਿੱਚ ਸ਼ੁਰੂਆਤ ਅਤੇ ਅਭਿਆਸ ਦੇ ਰੁਝਾਨ ਬਾਰੇ ਵੀ ਚਰਚਾ ਕੀਤਾ। ਇਸ ਮੌਕੇ ਕਨਿਕਾ ਦੇ ਕੋਚ ਕਮਲ ਸੰਧੂ ਅਤੇ ਕ੍ਰਿਕਟ ਹੱਬ ਅਕੈਡਮੀ ਦੇ ਡਾਇਰੈਕਟਰ ਹਰਜੋਤ ਬਾਜਵਾ ਵੀ ਹਾਜ਼ਰ ਸਨ ਜਿੱਥੇ ਅਭਿਆਸ ਸ਼ੁਰੂ ਕਰਕੇ ਕਨਿਕਾ ਨੇ ਆਪਣਾ ਕ੍ਰਿਕਟ ਕਰੀਅਰ ਸ਼ੁਰ ਕੀਤਾ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਪੰਜਾਬ ਸਰਕਾਰ ਸੂਬੇ ਦੇ ਆਂਗਣਵਾੜੀ ਸੈਂਟਰਾਂ ਦੀਆਂ ਬੁਨਿਆਦੀ ਸਹੂਲਤਾਂ ਲਈ ਚੁੱਕ ਰਹੀ ਹੈ ਠੋਸ ਕਦਮ: ਡਾ. ਬਲਜੀਤ ਕੌਰ

ਲੁਧਿਆਣਾ ਦੇ MLU ਖੇਤਰਾਂ ਵਿੱਚ ਸਥਿਤ ਉਦਯੋਗਾਂ ਨੂੰ ਨਿਯਮਤ ਕਰਨ ਸਬੰਧੀ ਮਨਜ਼ੂਰੀ ਦੇਣ ਦਾ ਫੈਸਲਾ : ਮੀਤ ਹੇਅਰ