- ਡੀਸੀ ਗੁਰਦਾਸਪੁਰ ਨੇ ਕਿਹਾ- ਧਾਰਮਿਕ ਸਥਾਨ ਬਿਲਕੁਲ ਸੁਰੱਖਿਅਤ
ਗੁਰਦਾਸਪੁਰ, 20 ਜੁਲਾਈ 2023 – ਗੁਰਦਾਸਪੁਰ ਜ਼ਿਲ੍ਹੇ ਵਿੱਚ ਉਝ ਅਤੇ ਰਾਵੀ ਦਰਿਆ ਦੇ ਪਾਣੀ ਦਾ ਪੱਧਰ ਤਬਾਹੀ ਮਚਾ ਰਿਹਾ ਹੈ। ਧੁੱਸੀ ਬੰਨ੍ਹ ਟੁੱਟਣ ਕਾਰਨ ਡੇਰਾ ਬਾਬਾ ਨਾਨਕ ਨੇੜੇ ਕਰਤਾਰ ਲਾਂਘੇ ਨੂੰ ਜਾਣ ਵਾਲੇ ਰਸਤੇ ਵਿੱਚ ਰਾਵੀ ਦਰਿਆ ਦਾ ਪਾਣੀ ਭਰ ਗਿਆ ਹੈ। ਅਜਿਹੇ ‘ਚ ਪਾਕਿਸਤਾਨ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ‘ਤੇ ਫਿਲਹਾਲ ਰੋਕ ਲਗਾ ਦਿੱਤੀ ਗਈ ਹੈ।
ਪਾਕਿਸਤਾਨ ਵਾਲੇ ਪਾਸੇ ਤੋਂ ਰਾਵੀ ਦਰਿਆ ਦਾ ਪਾਣੀ ਕਰਤਾਰਪੁਰ ਲਾਂਘੇ ਦੇ ਨਾਲ ਧੁੱਸੀ ਡੈਮ ਵੱਲ ਜਾਣ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ। ਸਰਕਾਰ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਪਾਣੀ ਅਤੇ ਰਸਤੇ ਵਿੱਚ ਪੈ ਰਹੇ ਰਾਵੀ ਦੇ ਪਾਣੀ ਬਾਰੇ ਪਾਕਿਸਤਾਨੀ ਅਥਾਰਟੀ ਤੋਂ ਰਿਪੋਰਟ ਲੈ ਰਹੀ ਹੈ।
ਜਾਣਕਾਰੀ ਦਿੰਦਿਆਂ ਜ਼ਿਲ੍ਹਾ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਡਾ: ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਰਾਵੀ ਦਰਿਆ ਵਿੱਚ ਪਾਣੀ ਦਾ ਪੱਧਰ ਵਧਣ ਦੇ ਬਾਵਜੂਦ ਡੇਰਾ ਬਾਬਾ ਨਾਨਕ ਵਿਖੇ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਨੂੰ ਕੋਈ ਖ਼ਤਰਾ ਨਹੀਂ ਹੈ ਅਤੇ ਇਹ ਪੂਰੀ ਤਰ੍ਹਾਂ ਸੁਰੱਖਿਅਤ ਹੈ। ਬੇਸ਼ੱਕ ਅੱਜ ਸਵੇਰੇ ਰਾਵੀ ਦਰਿਆ ਦਾ ਕੁਝ ਪਾਣੀ ਪਾਕਿਸਤਾਨ ਵਾਲੇ ਪਾਸੇ ਤੋਂ ਲਾਂਘੇ ਦੇ ਨੇੜੇ ਧੁੱਸੀ ਬੰਨ੍ਹ ਰਾਹੀਂ ਆਇਆ ਹੈ ਪਰ ਇਹ ਪਾਣੀ ਪਾਕਿਸਤਾਨ ਵਾਲੇ ਪਾਸੇ ਦਰਸ਼ਨ ਸਥਲ ਨੇੜੇ ਧੁੱਸੀ ਬੰਨ੍ਹ ਦੇ ਪਾਰ ਵਗ ਰਿਹਾ ਹੈ। ਇਸ ਪਾਣੀ ਤੋਂ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ, ਧੁੱਸੀ ਡੈਮ ਅਤੇ ਦਰਸ਼ਨ ਸਥਲ ਨੂੰ ਕੋਈ ਖਤਰਾ ਨਹੀਂ ਹੈ।
ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਟੀਮਾਂ ਮੌਕੇ ‘ਤੇ ਮੌਜੂਦ ਹਨ ਅਤੇ ਸਥਿਤੀ ‘ਤੇ ਨੇੜਿਓਂ ਨਜ਼ਰ ਰੱਖੀ ਜਾ ਰਹੀ ਹੈ। ਇਹ ਪਾਣੀ ਪਾਕਿਸਤਾਨ ਤੋਂ ਕਿਵੇਂ ਆਇਆ ਇਸ ਬਾਰੇ ਜਾਣਕਾਰੀ ਹਾਸਲ ਕੀਤੀ ਜਾ ਰਹੀ ਹੈ। ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾਣ ਵਾਲੀਆਂ ਸੰਗਤਾਂ ਨੂੰ ਅੱਜ ਰਾਵੀ ਦਰਿਆ ਵਿੱਚ ਪਾਣੀ ਦਾ ਪੱਧਰ ਵਧਣ ਕਾਰਨ ਉਨ੍ਹਾਂ ਦੀ ਸੁਰੱਖਿਆ ਨੂੰ ਪਹਿਲ ਦਿੰਦਿਆਂ ਰੋਕ ਦਿੱਤਾ ਗਿਆ ਹੈ। ਪਾਕਿਸਤਾਨ ਵਿੱਚ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਰਾਵੀ ਦਰਿਆ ਦੇ ਪਾਰ ਹੈ। ਇਸ ਸਮੇਂ ਰਾਵੀ ਦਰਿਆ ਵਿੱਚ ਪਾਣੀ ਦਾ ਪੱਧਰ ਵਧ ਗਿਆ ਹੈ। ਜਿਸ ਕਾਰਨ ਸ਼ਰਧਾਲੂਆਂ ਨੂੰ ਜਾਣ ਨਹੀਂ ਦਿੱਤਾ ਜਾ ਰਿਹਾ ਹੈ।
ਦੱਸ ਦੇਈਏ ਕਿ ਪਿਛਲੇ ਕੁਝ ਦਿਨਾਂ ਤੋਂ ਪੂਰੇ ਪੰਜਾਬ ‘ਚ ਹੜ੍ਹ ਵਰਗੀ ਸਥਿਤੀ ਬਣੀ ਹੋਈ ਹੈ। ਉਝ ਰਾਈਆ ਤੋਂ 2.60 ਲੱਖ ਕਿਊਸਿਕ ਪਾਣੀ ਛੱਡਣ ਤੋਂ ਬਾਅਦ ਰਾਵੀ ਦਰਿਆ ਵਿੱਚ ਪਾਣੀ ਦਾ ਪੱਧਰ ਕਾਫੀ ਵੱਧ ਗਿਆ ਹੈ, ਜਿਸ ਕਾਰਨ ਮਕੋੜਾ ਪੱਤਣ ਅਤੇ ਡੇਰਾ ਬਾਬਾ ਨਾਨਕ ਦੇ ਧਰਮਕੋਟ ਪੱਤਣ ਵਿੱਚ ਹੜ੍ਹ ਵਰਗੀ ਸਥਿਤੀ ਬਣੀ ਹੋਈ ਹੈ। ਫੌਜ ਅਤੇ ਬੀਐਸਐਫ ਵੱਲੋਂ ਰਾਹਤ ਕਾਰਜ ਕੀਤੇ ਜਾ ਰਹੇ ਹਨ। ਜਿਨ੍ਹਾਂ ਕਿਸਾਨਾਂ ਦੀਆਂ ਜ਼ਮੀਨਾਂ ਕਰਤਾਰਪੁਰ ਲਾਂਘੇ ਦੇ ਨੇੜੇ ਪੈਂਦੀਆਂ ਹਨ, ਉਨ੍ਹਾਂ ਦਾ ਕਹਿਣਾ ਹੈ ਕਿ ਹੜ੍ਹ ਦਾ ਪਾਣੀ ਖੇਤਾਂ ਵਿੱਚ ਪਹੁੰਚ ਗਿਆ ਹੈ, ਜਿਸ ਕਾਰਨ ਕਿਸਾਨਾਂ ਦੀਆਂ ਫ਼ਸਲਾਂ ਦਾ ਨੁਕਸਾਨ ਹੋ ਰਿਹਾ ਹੈ।
ਕਿਸਾਨਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਲਾਂਘੇ ਨੂੰ ਬਚਾਉਣ ਲਈ ਕੰਮ ਕਰ ਰਿਹਾ ਹੈ ਪਰ ਕਿਸਾਨਾਂ ਪ੍ਰਤੀ ਕੋਈ ਨਵੀਂ ਸੋਚ ਨਹੀਂ ਹੈ। ਉਨ੍ਹਾਂ ਕਿਹਾ ਕਿ ਜੇਕਰ ਇਸ ਬੰਨ੍ਹ ’ਤੇ ਪਟੜੀਆਂ ਨੂੰ ਭਰ ਕੇ ਮਿੱਟੀ ਪਾ ਦਿੱਤੀ ਜਾਵੇ ਤਾਂ ਪਾਣੀ ਨੂੰ ਰੋਕਿਆ ਜਾ ਸਕਦਾ ਹੈ ਅਤੇ ਕਿਸਾਨਾਂ ਦੀਆਂ ਫਸਲਾਂ ਨੂੰ ਬਚਾਇਆ ਜਾ ਸਕਦਾ ਹੈ। ਕਿਸਾਨਾਂ ਨੇ ਦੱਸਿਆ ਕਿ ਇਹ ਪਾਣੀ ਪਾਕਿਸਤਾਨ ਤੋਂ ਆ ਰਿਹਾ ਹੈ ਅਤੇ ਪਾਣੀ ਦਾ ਵਹਾਅ ਬਹੁਤ ਤੇਜ਼ ਹੈ। ਫਿਲਹਾਲ ਪਾਣੀ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਸਖ਼ਤ ਕਦਮ ਚੁੱਕਣ ਦੀ ਲੋੜ ਹੈ ਤਾਂ ਜੋ ਇਹ ਪਾਣੀ ਜ਼ਿਆਦਾ ਨੁਕਸਾਨ ਨਾ ਕਰੇ।