ਮੋਹਾਲੀ, 20 ਜੁਲਾਈ 2023 – ਮੋਹਾਲੀ ਜ਼ਿਲ੍ਹੇ ਵਿੱਚ ਇੱਕ ਪੰਜਾਬੀ ਗਾਇਕ ਨਾਲ ਲੱਖਾਂ ਰੁਪਏ ਦੀ ਠੱਗੀ ਵੱਜਣ ਦਾ ਮਾਮਲਾ ਸਾਹਮਣੇ ਆਇਆ ਹੈ। ਗਾਇਕ ਨੂੰ ਵਿਦੇਸ਼ ਭੇਜਣ ਅਤੇ ਵਰਕ ਪਰਮਿਟ ਦਿਵਾਉਣ ਦੇ ਨਾਂ ‘ਤੇ 1.85 ਲੱਖ ਦੀ ਠੱਗੀ ਮਾਰੀ ਗਈ ਹੈ। ਪੀੜਤ ਨੇ ਧੋਖਾਧੜੀ ਦੀ ਸ਼ਿਕਾਇਤ ਮੁਹਾਲੀ ਪੁਲੀਸ ਨੂੰ ਦਿੱਤੀ ਹੈ। ਪੁਲਿਸ ਨੇ ਸ਼ਿਕਾਇਤ ਲੈ ਕੇ ਮਾਮਲਾ ਵੀ ਦਰਜ ਕਰ ਲਿਆ ਹੈ। ਮੁਲਜ਼ਮਾਂ ਦੀ ਭਾਲ ਜਾਰੀ ਹੈ।
ਗੀਤ ‘ਲਵ ਮੈਰਿਜ’ ਦੇ ਗਾਇਕ ਗੁਰਿੰਦਰ ਸਿੰਘ ਨੇ ਮੁਹਾਲੀ ਫੇਜ਼-1 ਪੁਲੀਸ ਨੂੰ ਜਾਣਕਾਰੀ ਦਿੰਦਿਆਂ ਦੋਸ਼ ਲਾਏ ਕਿ ਕੈਨੇਡਾ ਸਟੂਡੈਂਟ ਸਰਵਿਸ ਇੰਡਸਟਰੀਅਲ ਏਰੀਆ ਫੇਜ਼-7 ਦੇ ਮਾਲਕ ਭੁਪਿੰਦਰ ਸਿੰਘ ਨੇ ਉਸ ਨੂੰ ਅਤੇ ਉਸ ਦੇ ਦੋ ਦੋਸਤਾਂ ਨੂੰ ਕੈਨੇਡਾ ਲਈ ਵਰਕ ਪਰਮਿਟ ਦਿਵਾਉਣ ਦਾ ਝਾਂਸਾ ਦਿੱਤਾ। ਉਸ ਨੂੰ ਵਿਦੇਸ਼ ਭੇਜਣ ਲਈ ਕੈਨੇਡਾ ਦਾ ਵਰਕ ਵੀਜ਼ਾ ਲਗਵਾਉਣ ਅਤੇ ਉਸ ਦੇ ਸ਼ੋਅ ਕਰਵਾਉਣ ਲਈ 15 ਲੱਖ ਰੁਪਏ ਵਿਚ ਸੌਦਾ ਹੋਇਆ ਸੀ।
ਇਸ ਦੇ ਨਾਲ ਹੀ ਦੋ ਦੋਸਤਾਂ ਦੇ ਵਰਕ ਵੀਜ਼ੇ ਬਾਰੇ ਵੀ ਗੱਲ ਕੀਤੀ ਗਈ। ਇਸ ਦੇ ਬਦਲੇ ਗਾਇਕ ਨੇ 1.85 ਲੱਖ ਰੁਪਏ ਵੀ ਦਿੱਤੇ ਪਰ ਵਰਕ ਵੀਜ਼ਾ ਨਹੀਂ ਆਇਆ। ਪੁੱਛਣ ‘ਤੇ ਭੁਪਿੰਦਰ ਸਿੰਘ ਕਹਿੰਦਾ ਰਿਹਾ ਕਿ ਵੀਜ਼ਾ ਜਲਦੀ ਆ ਜਾਵੇਗਾ, ਪਰ ਵੀਜ਼ਾ ਨਹੀਂ ਆਇਆ। ਵਾਰ-ਵਾਰ ਪੁੱਛਣ ‘ਤੇ ਕੈਨੇਡਾ ਸਟੂਡੈਂਟ ਸਰਵਿਸ ਦਾ ਮਾਲਕ ਟਾਲ-ਮਟੋਲ ਕਰਨ ਲੱਗਾ, ਜਿਸ ‘ਤੇ ਉਸ ਨੂੰ ਸ਼ੱਕ ਹੋਇਆ ਅਤੇ ਪੈਸੇ ਵਾਪਸ ਮੰਗੇ।
ਗੁਰਿੰਦਰ ਸਿੰਘ ਅਨੁਸਾਰ ਭੁਪਿੰਦਰ ਸਿੰਘ ਨੇ ਪੈਸੇ ਵਾਪਸ ਨਹੀਂ ਕੀਤੇ। ਇਸ ਤੋਂ ਬਾਅਦ ਉਸ ਨੇ ਫੋਨ ਚੁੱਕਣਾ ਵੀ ਬੰਦ ਕਰ ਦਿੱਤਾ। ਜਦੋਂ ਉਹ ਆਪਣੇ ਦਫ਼ਤਰ ਗਿਆ ਤਾਂ ਦੇਖਿਆ ਕਿ ਦਫ਼ਤਰ ਨੂੰ ਤਾਲਾ ਲੱਗਿਆ ਹੋਇਆ ਸੀ ਅਤੇ ਮੁਲਜ਼ਮ ਫ਼ਰਾਰ ਹੋ ਗਏ ਸਨ। ਇਸ ਕਾਰਨ ਉਸ ਨੇ ਐਸਐਸਪੀ ਦਫ਼ਤਰ ਨੂੰ ਸ਼ਿਕਾਇਤ ਦਿੱਤੀ ਹੈ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ।