- ਸਿਗਰੇਟ ਪੀ ਕੇ ਬੇਅਦਬੀ ਕਰਨ ਅਤੇ ਰਾਗੀ ਸਿੰਘਾਂ ਵੱਲ ਧੂੰਆਂ ਛੱਡਣ ਦੇ ਮਾਮਲੇ ‘ਚ ਹੋਈ ਹੈ ਸਜ਼ਾ,
- ਦੋਸ਼ੀ ਨੂੰ 13 ਸਤੰਬਰ 2021 ਨੂੰ ਮੌਕੇ ਤੋਂ ਹੀ ਕੀਤਾ ਗਿਆ ਸੀ ਕਾਬੂ
ਰੋਪੜ, 21 ਜੁਲਾਈ 2023 – ਜ਼ਿਲ੍ਹਾ ਤੇ ਸੈਸ਼ਨ ਜੱਜ ਰਮੇਸ਼ ਕੁਮਾਰੀ ਦੀ ਅਦਾਲਤ ਨੇ ਖ਼ਾਲਸਾ ਪੰਥ ਦੇ ਜਨਮ ਅਸਥਾਨ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਪਵਿੱਤਰ ਦਰਬਾਰ ਸਾਹਿਬ ਦੇ ਅੰਦਰ ਇੱਕ ਮੋਨੇ ਵਿਅਕਤੀ ਵੱਲੋਂ 13 ਸਤੰਬਰ 2021 ਨੂੰ ਸਿਗਰੇਟ ਪੀ ਕੇ ਬੇਅਦਬੀ ਕਰਨ ਅਤੇ ਰਾਗੀ ਸਿੰਘਾਂ ਵੱਲ ਸਿਗਰਟ ਦਾ ਧੂੰਆਂ ਛੱਡਣ ਦੇ ਮਾਮਲੇ ਵਿੱਚ ਫ਼ੈਸਲਾ ਸੁਣਾਇਆ। ਦੋਸ਼ੀ ਨੂੰ 5 ਸਾਲ ਦੀ ਸਜ਼ਾ ਸੁਣਾਈ ਗਈ ਹੈ। ਇਸ ਦੇ ਨਾਲ ਹੀ ਦੋਸ਼ੀ ਨੂੰ 5000 ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ ਹੈ।
ਦੋਸ਼ੀ ਪਰਮਜੀਤ ਸਿੰਘ ਪੁੱਤਰ ਗੁਰਮੇਲ ਸਿੰਘ ਮੁਹੱਲਾ ਮਹਾਰਾਜ ਨਗਰ ਲੁਧਿਆਣਾ ਨੂੰ ਜ਼ਿਲ੍ਹਾ ਜੇਲ੍ਹ ਰੋਪੜ ਤੋਂ ਡੀਐਸਪੀ ਵਿਜੇ ਕੁਮਾਰ ਦੀ ਨਿਗਰਾਨੀ ਹੇਠ ਜ਼ਿਲ੍ਹਾ ਤੇ ਸੈਸ਼ਨ ਜੱਜ ਰਮੇਸ਼ ਕੁਮਾਰੀ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਇਸ ਮਾਮਲੇ ਦੀ ਸੁਣਵਾਈ ਕਰਦਿਆਂ ਜ਼ਿਲ੍ਹਾ ਤੇ ਸੈਸ਼ਨ ਜੱਜ ਰਮੇਸ਼ ਕੁਮਾਰੀ ਨੇ ਦੋਸ਼ੀ ਪਰਮਜੀਤ ਸਿੰਘ ਨੂੰ 5 ਸਾਲ ਦੀ ਕੈਦ ਅਤੇ 5 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਇਹ ਸਜ਼ਾ ਧਾਰਾ 435 ਤਹਿਤ ਦਿੱਤੀ ਗਈ ਹੈ। ਸ਼੍ਰੋਮਣੀ ਕਮੇਟੀ ਦੀ ਤਰਫੋਂ ਐਡਵੋਕੇਟ ਜੇਪੀਐਸ ਧੀਰ ਅਦਾਲਤ ਵਿੱਚ ਪੇਸ਼ ਹੋਏ ਅਤੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਦੀ ਜੱਜ ਅੱਗੇ ਮੰਗ ਰੱਖੀ ਗਈ।
ਦੱਸ ਦੇਈਏ ਕਿ ਪਰਮਜੀਤ ਸਿੰਘ ਨੂੰ ਸ਼੍ਰੀ ਅਨੰਦਪੁਰ ਸਾਹਿਬ ਪੁਲਿਸ ਨੇ 13 ਸਤੰਬਰ 2021 ਨੂੰ ਘਟਨਾ ਦੇ ਮੌਕੇ ‘ਤੇ ਗ੍ਰਿਫਤਾਰ ਕੀਤਾ ਸੀ ਅਤੇ ਆਈਪੀਸੀ ਦੀ ਧਾਰਾ 295-ਏ ਦੇ ਤਹਿਤ ਮਾਮਲਾ ਦਰਜ ਕੀਤਾ ਸੀ। ਉਸ ਸਮੇਂ ਇਸ ਘਟਨਾ ਤੋਂ ਬਾਅਦ ਪੰਜਾਬ ਭਰ ਤੋਂ ਵੱਡੀ ਗਿਣਤੀ ‘ਚ ਪੰਥਕ ਜਥੇਬੰਦੀਆਂ ਥਾਣਾ ਆਨੰਦਪੁਰ ਸਾਹਿਬ ਦੇ ਬਾਹਰ ਪਹੁੰਚ ਜਾਣ ਕਾਰਨ ਸਥਿਤੀ ਤਣਾਅਪੂਰਨ ਬਣ ਗਈ ਸੀ।

ਜਾਣਕਾਰੀ ਅਨੁਸਾਰ 13 ਸਤੰਬਰ 2021 ਨੂੰ ਸਵੇਰੇ 4:30 ਵਜੇ ਦੇ ਕਰੀਬ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਨ ਲਈ ਸੁਖ ਆਸਨ ਵਾਲੀ ਥਾਂ ਤੋਂ ਲੈ ਕੇ ਜਾਇਆ ਗਿਆ ਸੀ, ਤਾਂ ਉਸ ਸਮੇਂ ਦੇ ਸਾਰੀ ਸੰਗਤ ਦਾ ਧਿਆਨ ਗੁਰੂ ਸਾਹਿਬ ਦੀ ਸਵਾਰੀ ਵੱਲ ਕੇਂਦਰਿਤ ਹੋਣ ਕਰਕੇ ਨੇੜੇ ਹੀ ਬੈਠੇ ਮੋਨੇ ਵਿਅਕਤੀ ਜੱਟ ਸਿੰਘ ਨੇ ਪਹਿਲਾਂ ਆਪਣਾ ਰੁਮਾਲ ਲਾਹਿਆ ਅਤੇ ਫਿਰ ਸਿਗਰਟ ਜਗਾਈ ਅਤੇ ਧੂੰਆਂ ਸੁਆਇਆ ਅਤੇ ਰਾਗੀ ਸਿੰਘਾਂ ‘ਤੇ ਛੱਡ ਦਿੱਤਾ। ਇਸ ਤੋਂ ਤੁਰੰਤ ਬਾਅਦ ਉਕਤ ਵਿਅਕਤੀ ਰਾਗੀ ਸਿੰਘਾਂ ਦੇ ਪਿੱਛੇ ਸਿਗਰਟ ਸੁੱਟ ਕੇ ਭੱਜਣ ਲੱਗਾ ਤਾਂ ਮੌਕੇ ‘ਤੇ ਤਾਇਨਾਤ ਸ਼੍ਰੋਮਣੀ ਕਮੇਟੀ ਸੇਵਾਦਾਰਾਂ ਅਤੇ ਸਿਵਲ ਵਰਦੀ ਵਾਲੇ ਪੁਲਿਸ ਮੁਲਾਜ਼ਮਾਂ ਨੇ ਉਸ ਨੂੰ ਕਾਬੂ ਕਰਕੇ ਪੁਲਿਸ ਹਵਾਲੇ ਕਰ ਦਿੱਤਾ |
ਸਤੰਬਰ 2020 ਵਿੱਚ, ਦੋਸ਼ੀ ਪਰਮਜੀਤ ਸਿੰਘ ਵਿਰੁੱਧ ਨੂਰਪੁਰਬੇਦੀ ਥਾਣੇ ਵਿੱਚ ਕਬਜ਼ਾ ਕਰਨ ਦਾ ਕੇਸ ਵੀ ਦਰਜ ਕੀਤਾ ਗਿਆ ਸੀ। ਮੁਲਜ਼ਮ ਨੂਰਪੁਰਬੇਦੀ ਵਿਖੇ ਦਰਜ ਕੇਸ ਸਬੰਧੀ ਤਰੀਕ ’ਤੇ ਪੇਸ਼ ਹੋਣ ਲਈ ਆਪਣੀ ਕਾਰ ਵਿੱਚ ਆਨੰਦਪੁਰ ਸਾਹਿਬ ਦੀ ਅਦਾਲਤ ਵਿੱਚ ਗਿਆ ਸੀ। ਜਿਸ ਕਾਰਨ ਉਹ ਬੀਤੀ ਰਾਤ ਹੀ ਆਨੰਦਪੁਰ ਸਾਹਿਬ ਆਏ ਸਨ। ਪੁਲੀਸ ਨੇ ਉਸ ਦੀ ਕਾਰ ਵੀ ਬਰਾਮਦ ਕਰ ਲਈ ਸੀ, ਜਿਸ ਵਿੱਚ ਸਿਗਰਟਾਂ ਦੇ ਢੇਰ ਬਰਾਮਦ ਹੋਏ ਸਨ।
