ਲੁਧਿਆਣਾ, 21 ਜੁਲਾਈ 2023 – ਲੁਧਿਆਣਾ ਜ਼ਿਲ੍ਹੇ ਵਿੱਚ ਪੁਲਿਸ ਦੀ ਗੁੰਡਾਗਰਦੀ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ। ਵੀਡੀਓ ‘ਚ ਸਾਫ ਦੇਖਿਆ ਜਾ ਸਕਦਾ ਹੈ ਕਿ ਪੁਲਿਸ ਮੁਲਾਜ਼ਮ ਕਿਸ ਤਰ੍ਹਾਂ ਮੁਲਜ਼ਮਾਂ ਨਾਲ ਸ਼ਰੇਆਮ ਤਸ਼ੱਦਦ ਕਰਦਾ ਹੈ। ਲੁਧਿਆਣਾ ਦੇ ਸਿਵਲ ਹਸਪਤਾਲ ਵਿੱਚ ਇੱਕ ਪੁਲਿਸ ਮੁਲਾਜ਼ਮ ਦੋ ਕੈਦੀਆਂ ਨੂੰ ਹੱਥਕੜੀ ਲਗਾ ਕੇ ਇਲਾਜ ਲਈ ਪਹੁੰਚਾਉਣ ਦੀ ਵੀਡੀਓ ਸਾਹਮਣੇ ਆਈ ਹੈ।
ਵੀਡੀਓ ਵਿੱਚ ਪੁਲਿਸ ਮੁਲਾਜ਼ਮ ਲੋਕਾਂ ਦੇ ਸਾਹਮਣੇ ਕੈਦੀਆਂ ਨੂੰ ਕੁੱਟਦੇ ਨਜ਼ਰ ਆ ਰਹੇ ਹਨ। ਜਦੋਂ ਪੱਤਰਕਾਰਾਂ ਨੇ ਇਸ ਪੁਲਿਸ ਮੁਲਾਜ਼ਮ ਤੋਂ ਪੁੱਛਣਾ ਚਾਹਿਆ ਕਿ ਕੀ ਉਹ ਕਿਸੇ ਨਿੱਜੀ ਰੰਜਿਸ਼ ਕਾਰਨ ਕੈਦੀਆਂ ਦੀ ਸ਼ਰੇਆਮ ਕੁੱਟਮਾਰ ਕਰ ਰਿਹਾ ਹੈ ਤਾਂ ਪੁਲਿਸ ਮੁਲਾਜ਼ਮ ਬਿਨਾਂ ਦੇਰ ਕੀਤੇ ਕਾਰ ਦੇ ਦਰਵਾਜ਼ੇ ਅਤੇ ਖਿੜਕੀਆਂ ਬੰਦ ਕਰਕੇ ਚਲੇ ਗਏ।
ਦੱਸ ਦੇਈਏ ਕਿ ਸਭ ਤੋਂ ਪਹਿਲਾਂ ਜਦੋਂ ਪੁਲਿਸ ਮੁਲਾਜ਼ਮ ਐਮਰਜੈਂਸੀ ‘ਚ ਕੈਦੀਆਂ ਨੂੰ ਲੈ ਕੇ ਜਾਂਦਾ ਹੈ ਤਾਂ ਪਿੱਠ ‘ਤੇ ਮੁੱਕਾ ਮਾਰਦਾ ਹੈ। ਫਿਰ ਕੁਝ ਮਿੰਟਾਂ ਬਾਅਦ ਮੈਡੀਕਲ ਕਰਵਾਉਣ ਤੋਂ ਬਾਅਦ ਉਸ ਨੂੰ ਬਾਹਰ ਪਾਰਕਿੰਗ ਏਰੀਏ ‘ਚ ਲੈ ਆਉਂਦਾ ਹੈ ਅਤੇ ਲੋਕਾਂ ਦੇ ਸਾਹਮਣੇ ਕੈਦੀ ਦਾ ਗਲਾ ਫੜ ਲੈਂਦਾ ਹੈ ਅਤੇ ਕੁਝ ਦੇਰ ਬਾਅਦ ਫਿਰ ਤੋਂ ਗੱਡੀਆਂ ਦੇ ਨੇੜੇ ਲਿਆਉਂਦਾ ਹੈ ਅਤੇ ਕੁੱਟਮਾਰ ਸ਼ੁਰੂ ਕਰ ਦਿੰਦਾ ਹੈ।

ਇੱਕ ਹੋਰ ਸਾਥੀ ਪੁਲਿਸ ਮੁਲਾਜ਼ਮ ਨੇ ਦੱਸਿਆ ਕਿ ਦੋਵੇਂ ਨੌਜਵਾਨ ਆਵਾਰਾਗਰਦੀ ਕਰਨ ਦੇ ਮਾਮਲੇ ਵਿੱਚ ਫੜੇ ਗਏ ਸਨ। ਜਦੋਂ ਉਸ ਨੂੰ ਪੁੱਛਿਆ ਗਿਆ ਕਿ ਤੁਸੀਂ ਇਨ੍ਹਾਂ ਕੈਦੀਆਂ ਨਾਲ ਲੋਕਾਂ ਵਿਚ ਇਸ ਤਰ੍ਹਾਂ ਕਿਉਂ ਕੁੱਟਮਾਰ ਕਰ ਰਹੇ ਹੋ, ਤਾਂ ਉਹ ਗੋਲ-ਮੋਲ ਜਵਾਬ ਦਿੰਦਿਆਂ ਉਥੋਂ ਚਲੇ ਗਏ।
