ਮੋਹਾਲੀ, 21 ਜੁਲਾਈ 2023 – ਪੰਜਾਬ ਪੁਲਿਸ ਦੇ ਬਰਖਾਸਤ AIG ਰਾਜਜੀਤ ਸਿੰਘ ਦੀ ਜ਼ਮਾਨਤ ਅਰਜ਼ੀ ਮੋਹਾਲੀ ਸੈਸ਼ਨ ਕੋਰਟ ਵੱਲੋਂ ਰੱਦ ਕਰ ਦਿੱਤੀ ਗਈ ਹੈ। ਅਸਲ ‘ਚ ਰਾਜਜੀਤ ਸਿੰਘ ਵੱਲੋਂ ਆਪਣੀ ਜ਼ਮਾਨਤ ਦੇ ਲਈ ਮੋਹਾਲੀ ਸੈਸ਼ਨ ਕੋਰਟ ‘ਚ ਅਰਜ਼ੀ ਲਾਈ ਹੋਈ, ਜਿਸ ‘ਤੇ ਅੱਜ ਅਦਾਲਤ ‘ਚ ਸੁਣਵਾਈ ਹੋਈ ਸੀ।

ਪੰਜਾਬ ਵਿਚ ਡਰੱਗਜ਼ ਰੈਕੇਟ ਮਾਮਲੇ ਵਿਚ ਏਆਈਜੀ ਰਾਜਜੀਤ ਸਿੰਘ ਨੂੰ ਮਹਿਕਮੇ ਵੱਲੋਂ ਬਰਖਾਸਤ ਕੀਤਾ ਹੋਇਆ ਹੈ। ਰਾਜਜੀਤ ਸਿੰਘ ਦੀ ਗ੍ਰਿਫਤਾਰੀ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ, ਉਥੇ ਹੀ ਦੂਜੇ ਪਾਸੇ ਵਿਜੀਲੈਂਸ ਬਿਊਰੋ ਵੱਲੋਂ ਰਾਜਜੀਤ ਖਿਲਾਫ ਆਮਦਨ ਤੋਂ ਵੱਧ ਜਾਇਦਾਦ ਰੱਖਣ ਅਤੇ ਸਰਕਾਰੀ ਅਹੁਦੇ ਦੀ ਦੁਰਵਰਤੋਂ ਕਰਨ ਦੇ ਦੋਸ਼ਾਂ ਤਹਿਤ ਮਾਮਲਾ ਦਰਜ ਕੀਤਾ ਹੋਇਆ ਹੈ। ਵਿਜੀਲੈਂਸ ਨੇ ਇਨ੍ਹਾਂ ਮਾਮਲਿਆਂ ਦੀ ਜਾਂਚ ਲਈ ਵਿਸ਼ੇਸ਼ ਟੀਮ ਦਾ ਗਠਨ ਕੀਤਾ ਹੈ, ਜਿਸ ਦੀ ਅਗਵਾਈ ਏਆਈਜੀ ਪੱਧਰ ਦੇ ਅਧਿਕਾਰੀ ਕਰ ਰਹੇ ਹਨ।

