- ਮ੍ਰਿਤਕ ਭਗਵਾਨ ਦਾਸ ਦੇ ਬੱਚਿਆਂ ਦੀ ਪੜ੍ਹਾਈ ਪੰਜਾਬ ਸਰਕਾਰ ਕਰਵਾਏਗੀ-ਜੌੜਾਮਾਜਰਾ
- ਕਿਹਾ, ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਹੜ੍ਹ ਪੀੜਤਾਂ ਦੀ ਕਰ ਰਹੀ ਹੈ ਹਰ ਸੰਭਵ ਸਹਾਇਤਾ
- ਪਿੱਛਲੇ 70 ਸਾਲਾਂ ਵਿਚ ਕਿਸੇ ਸਰਕਾਰ ਨੇ ਹੜ੍ਹਾਂ ਦੀ ਸਮੱਸਿਆ ਦਾ ਹੱਲ ਨਹੀਂ ਕੀਤਾ,
- ਜਲ ਨਿਕਾਸ ਲਈ ਲੋੜੀਂਦੀਆਂ ਪਾਈਪਾਂ ਪਾਕੇ ਸਾਈਫਨ ਵੀ ਬਣਾਏ ਜਾਣਗੇ
ਸਮਾਣਾ/ਪਟਿਆਲਾ, 22 ਜੁਲਾਈ 2023 – ਪੰਜਾਬ ਦੇ ਸੂਚਨਾ ਅਤੇ ਲੋਕ ਸੰਪਰਕ ਮੰਤਰੀ ਸ. ਚੇਤਨ ਸਿੰਘ ਜੌੜਾਮਾਜਰਾ ਨੇ ਅੱਜ ਸਮਾਣਾ ਹਲਕੇ ਦੇ ਪਿੰਡ ਸੱਸਾ ਗੁੱਜਰਾਂ ਦੇ ਨੌਜਵਾਨ ਭਗਵਾਨ ਦਾਸ ਪੁੱਤਰ ਰਾਮ ਦੀਆ ਦੇ ਵਾਰਸਾਂ ਨੂੰ ਚਾਰ ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦੇ ਦਸਤਾਵੇਜ ਸੌਂਪੇ।
ਉਨ੍ਹਾਂ ਨੇ ਇਸ ਮੌਕੇ ਮ੍ਰਿਤਕ ਦੇ ਪਿਤਾ ਤੇ ਹੋਰ ਪਰਿਵਾਰਿਕ ਮੈਂਬਰਾਂ ਨਾਲ ਹਮਦਰਦੀ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਭਗਵਾਨ ਦਾਸ ਦੇ ਬੱਚਿਆਂ ਦੀ ਪੜ੍ਹਾਈ ਪੰਜਾਬ ਸਰਕਾਰ ਕਰਵਾਏਗੀ ਤੇ ਇਹਨਾਂ ਨੂੰ ਆਪਣੇ ਪੈਰਾਂ ‘ਤੇ ਖੜ੍ਹੇ ਹੋਣ ਲਈ ਹਰ ਸੰਭਵ ਇਮਦਾਦ ਵੀ ਕਰੇਗੀ।
ਚੇਤਨ ਸਿੰਘ ਜੌੜਾਮਾਜਰਾ ਨੇ ਦੱਸਿਆ ਕਿ ਪਟਿਆਲਾ ਜ਼ਿਲ੍ਹੇ ਵਿੱਚ ਹੜ੍ਹਾਂ ਦੌਰਾਨ ਕੁਲ 10 ਮੌਤਾਂ ਹੋਈਆਂ ਹਨ ਤੇ ਸਾਰੇ ਪੀੜਤ ਪਰਿਵਾਰਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪ੍ਰਤੀ ਪਰਿਵਾਰ ਲਈ ਭੇਜੀ ਸਹਾਇਤਾ ਰਾਸ਼ੀ ਦੇ ਚਾਰ-ਚਾਰ ਲੱਖ ਰੁਪਏ ਦੇ ਉਹਨਾਂ ਦੇ ਬੈੰਕ ਖਾਤਿਆਂ ਵਿਚ ਪਾ ਦਿੱਤੇ ਗਏ ਹਨ।
ਕੈਬਨਿਟ ਮੰਤਰੀ ਜੌੜਾਮਾਜਰਾ ਨੇ ਕਿਹਾ ਕਿ ਭਾਵੇਂ ਕਿ ਕੁਦਰਤੀ ਆਫ਼ਤ ਕਰਕੇ ਅਜਾਈਂ ਜਾਣ ਵਾਲੀਆਂ ਮਨੁੱਖੀ ਜਾਨਾਂ ਦੀ ਕੀਮਤ ਅਦਾ ਨਹੀਂ ਕੀਤਾ ਜਾ ਸਕਦੀ, ਪਰ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਨੇ ਪੀੜਤ ਪਰਿਵਾਰਾਂ ਦੀ ਔਖੇ ਵੇਲੇ ਬਾਂਹ ਫੜੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਸਾਰੇ ਪੀੜਤਾਂ ਦੀ ਮਦਦ ਕੀਤੀ ਜਾਵੇਗੀ।
ਜੌੜਾਮਾਜਰਾ ਨੇ ਅੱਗੇ ਕਿਹਾ ਕਿ ਉਹ ਖ਼ੁਦ ਹੜ੍ਹ ਦੇ ਪਹਿਲੇ ਦਿਨ ਤੋਂ ਹੀ ਲੋਕਾਂ ਦੇ ਵਿੱਚ ਵਿਚਰ ਰਹੇ ਸਨ ਤੇ ਉਹਨਾਂ ਨੂੰ ਹੜ੍ਹ ਪ੍ਰਭਾਵਿਤ ਲੋਕਾਂ ਦੀ ਹਰ ਸਮੱਸਿਆ ਦਾ ਪਤਾ ਹੈ, ਪਰ ਇਹ ਅਫਸੋਸ ਨਾਲ ਵੀ ਕਹਿਣਾ ਪੈਂਦਾ ਹੈ ਕਿ ਪਿੱਛਲੇ 70 ਸਾਲਾਂ ਵਿਚ ਕਿਸੇ ਸਰਕਾਰ ਨੇ ਲੋਕਾਂ ਦੀ ਇਸ ਸਮੱਸਿਆ ਦਾ ਹੱਲ ਨਹੀਂ ਕੀਤਾ। ਉਨ੍ਹਾਂ ਨੇ ਕਿਹਾ ਕਿ ਹੁਣ ਮੌਜੂਦਾ ਸੂਬਾ ਸਰਕਾਰ ਇਸ ਦਾ ਪੱਕਾ ਹੱਲ ਕਰੇਗੀ ਅਤੇ ਜਿੱਥੇ ਕਿਤੇ ਲੋੜ ਹੋਈ ਉੱਥੇ ਜਲ ਨਿਕਾਸ ਲਈ ਲੋੜੀਂਦੀਆਂ ਪਾਈਪਾਂ ਪਾਕੇ ਨਵੇਂ ਸਾਈਫਨ ਵੀ ਬਣਾਏ ਜਾਣਗੇ।
ਇਸ ਮੌਕੇ ਜੌੜਾਮਾਜਰਾ ਦੇ ਨਾਲ ਹਰਜਿੰਦਰ ਸਿੰਘ ਮਿੰਟੂ, ਓਐਸਡੀ ਐਡਵੋਕੇਟ ਗੁਲਜ਼ਾਰ ਸਿੰਘ ਵਿਰਕ, ਗੁਰਦੇਵ ਸਿੰਘ ਟਿਵਾਣਾ, ਬਲਕਾਰ ਸਿੰਘ ਗੱਜੂਮਾਜਰਾ, ਸੁਰਜੀਤ ਸਿੰਘ ਫ਼ੌਜੀ, ਅਮਰਦੀਪ ਸਿੰਘ ਸੋਨੂ ਥਿੰਦ ਸਮੇਤ ਹੋਰ ਪਤਵੰਤੇ ਹਾਜ਼ਰ ਸਨ।