ਅੰਮ੍ਰਿਤਸਰ, 23 ਜੁਲਾਈ 2023 – ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪੰਜਾਬ ਸਰਕਾਰ ਨੂੰ ਸ਼੍ਰੋਮਣੀ ਕਮੇਟੀ ਦੇ ਮਾਮਲਿਆਂ ਵਿਚ ਦਖ਼ਲਅੰਦਾਜ਼ੀ ਬੰਦ ਕਰਨ ਦੀ ਸਖ਼ਤ ਤਾੜਨਾ ਕੀਤੀ ਹੈ। ਅੱਜ ਇਥੇ ਸ਼੍ਰੋਮਣੀ ਕਮੇਟੀ ਦੇ ਵੈੱਬ ਚੈਨਲ ਦੀ ਆਰੰਭਤਾ ਸਬੰਧੀ ਕੀਤੇ ਗਏ ਸਮਾਗਮ ਨੂੰ ਸੰਬੋਧਨ ਕਰਦਿਆਂ ਐਡਵੋਕੇਟ ਧਾਮੀ ਨੇ ਕਿਹਾ ਕਿ ਪੰਜਾਬ ਸਰਕਾਰ ਸਿੱਖ ਸੰਸਥਾ ਨੂੰ ਕਮਜ਼ੋਰ ਕਰਨ ਦੀਆਂ ਸਾਜ਼ਿਸ਼ੀ ਚਾਲਾਂ ਚੱਲ ਰਹੀ ਹੈ, ਪਰ ਇਸ ਨੂੰ ਇਹ ਨਹੀਂ ਪਤਾ ਕਿ ਇਹ ਗੁਰੂ ਸਾਹਿਬਾਨ ਦੀ ਵਰੋਸਾਈ ਸੰਸਥਾ ਹੈ, ਜੋ ਸਰਕਾਰੀ ਚਾਲਾਂ ਦਾ ਹਮੇਸ਼ਾ ਮੂੰਹਤੋੜ ਜਵਾਬ ਦਿੰਦੀ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਆਪਣਾ ਕੰਮ ਕਰੇ ਅਤੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰੇ, ਸਿੱਖ ਪੰਥ ਆਪਣੇ ਕਾਰਜ ਆਪ ਕਰਨੇ ਜਾਣਦਾ ਹੈ।
ਉਨ੍ਹਾਂ ਬੀਤੇ ਦਿਨੀਂ ਸ਼੍ਰੋਮਣੀ ਕਮੇਟੀ ਦੇ ਕੁਝ ਮੁਲਾਜ਼ਮਾਂ ਵੱਲੋਂ ਬਣਾਈ ਗਈ ਯੂਨੀਅਨ ਨੂੰ ਵੀ ਸਿੱਖ ਸੰਸਥਾ ਦੀ ਮਰਯਾਦਾ ਦੇ ਉਲਟ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਯੂਨੀਅਨ ਦੀ ਰਜਿਸਟ੍ਰੇਸ਼ਨ ਟਰੇਡ ਅਧੀਨ ਕਰਵਾਉਣ ਦੀ ਸ਼ੈਤਾਨੀ ਵੀ ਪੰਜਾਬ ਸਰਕਾਰ ਵੱਲੋਂ ਹੀ ਕੀਤੀ ਗਈ ਹੈ। ਐਡਵੋਕੇਟ ਧਾਮੀ ਨੇ ਆਖਿਆ ਕਿ ਸ਼੍ਰੋਮਣੀ ਕਮੇਟੀ ਗੁਰੂ ਘਰ ਦੀ ਪਵਿੱਤਰ ਸੰਸਥਾ ਹੈ, ਜਿਥੇ ਸੰਗਤ ਦੇ ਦਸਵੰਧ ਨਾਲ ਕਾਰਜ ਕੀਤੇ ਜਾਂਦੇ ਹਨ। ਇਹ ਸੰਸਥਾ ਕੋਈ ਫੈਕਟਰੀ ਜਾਂ ਵਪਾਰਕ ਅਦਾਰਾ ਨਹੀਂ ਹੈ, ਜਿਥੇ ਟਰੇਡ ਯੂਨੀਅਨ ਸਥਾਪਤ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਆਪਣੀਆਂ ਪ੍ਰੰਪਰਾਵਾਂ ਦੇ ਉਲਟ ਕਿਸੇ ਨੂੰ ਵੀ ਕਾਰਜ ਕਰਨ ਦੀ ਇਜਾਜ਼ਤ ਨਹੀਂ ਦੇਵੇਗੀ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਹਰ ਔਖੇ ਸਮੇਂ ਮਨੁਖਤਾ ਨਾਲ ਖੜ੍ਹਦੇ ਹਨ ਅਤੇ ਮੌਜੂਦਾ ਸਮੇਂ ਹੜ੍ਹਾਂ ਦੌਰਾਨ ਵੀ ਵੱਡੀਆਂ ਸੇਵਾਵਾਂ ਨਿਭਾਅ ਰਹੇ ਹਨ। ਪਰ ਕੁਝ ਸ਼ਰਾਰਤੀ ਲੋਕ ਜਾਣਬੁਝ ਕੇ ਸੰਸਥਾ ਦੇ ਪ੍ਰਬੰਧਾਂ ਨੂੰ ਖਰਾਬ ਕਰਨਾ ਚਾਹੁੰਦੇ ਹਨ, ਜੋ ਹੋਣ ਨਹੀਂ ਦਿੱਤਾ ਜਾਵੇਗਾ।