ਲੁਧਿਆਣਾ, 27 ਜੁਲਾਈ 2023 – ਜ਼ਿਲ੍ਹਾ ਲੁਧਿਆਣਾ ਦੇ ਫਿਰੋਜ਼ਪੁਰ ਰੋਡ ‘ਤੇ ਇੱਕ ਤੇਜ਼ ਰਫ਼ਤਾਰ ਬੱਸ ਨੇ ਐਕਟਿਵਾ ਸਵਾਰ ਬਜ਼ੁਰਗ ਵਿਅਕਤੀ ਨੂੰ ਟੱਕਰ ਮਾਰ ਦਿੱਤੀ। ਟੱਕਰ ਹੁੰਦੇ ਹੀ ਬਜ਼ੁਰਗ ਸੜਕ ‘ਤੇ ਡਿੱਗ ਗਿਆ। ਬੱਸ ਚਾਲਕ ਨੇ ਬ੍ਰੇਕ ਨਹੀਂ ਲਗਾਈ, ਜਿਸ ਕਾਰਨ ਉਹ ਬਜ਼ੁਰਗ ਵਿਅਕਤੀ ਨੂੰ ਐਕਟਿਵਾ ਸਮੇਤ ਕਰੀਬ 15 ਫੁੱਟ ਤੱਕ ਘਸੀਟਦਾ ਹੋਇਆ ਮੁੱਖ ਸੜਕ ‘ਤੇ ਲੈ ਗਿਆ। ਸਰੀਰ ਬੁਰੀ ਤਰ੍ਹਾਂ ਕੁਚਲਿਆ ਗਿਆ। ਲਾਸ਼ ਦੇ ਟੁਕੜੇ ਹੋ ਗਏ। ਮ੍ਰਿਤਕ ਦਾ ਨਾਂ ਚਰਨਜੀਤ (71) ਹੈ।
ਦੱਸਿਆ ਜਾ ਰਿਹਾ ਹੈ ਕਿ ਬੱਸ ਚਾਲਕ ਵੱਲੋਂ ਕੁਝ ਦੂਰ ਜਾ ਕੇ ਗੱਡੀ ਨੂੰ ਰੋਕ ਲਿਆ। ਜਿਸ ਤੋਂ ਬਾਅਦ ਫਿਰੋਜ਼ਪੁਰ ਰੋਡ ‘ਤੇ ਉਸ ਸਮੇਂ ਲੰਮਾ ਜਾਮ ਲੱਗ ਗਿਆ ਜਦੋਂ ਸਵਾਰੀਆਂ ਨਾਲ ਭਰੀ ਬੱਸ ਸੜਕ ਦੇ ਵਿਚਕਾਰ ਰੁਕ ਗਈ। ਲੋਕਾਂ ਨੇ ਬੱਸ ਨੂੰ ਘੇਰ ਲਿਆ ਅਤੇ ਪੁਲਸ ਨੂੰ ਸੂਚਨਾ ਦਿੱਤੀ। ਥਾਣਾ ਸਰਾਭਾ ਨਗਰ ਦੀ ਪੁਲਸ ਮੌਕੇ ‘ਤੇ ਪਹੁੰਚ ਗਈ।
ਮੌਕੇ ‘ਤੇ ਪਹੁੰਚੇ ਪੁਲਿਸ ਮੁਲਾਜ਼ਮਾਂ ਨੇ ਲਾਸ਼ ਨੂੰ ਟੁਕੜਿਆਂ ਸਮੇਤ ਆਪਣੀ ਕਾਰ ‘ਚ ਰਖਵਾ ਕੇ ਸਿਵਲ ਹਸਪਤਾਲ ਦੀ ਮੋਰਚਰੀ ‘ਚ ਭੇਜ ਦਿੱਤਾ। ਥਾਣਾ ਸਰਾਭਾ ਨਗਰ ਦੇ ਐਸਐਚਓ ਅਮਰਿੰਦਰ ਸਿੰਘ ਨੇ ਦੱਸਿਆ ਕਿ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ। ਮ੍ਰਿਤਕ ਦੇ ਵਾਰਸਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਇਸ ਮਾਮਲੇ ਵਿੱਚ ਜੋ ਵੀ ਕਾਰਵਾਈ ਹੋਵੇਗੀ, ਉਹ ਕੀਤੀ ਜਾਵੇਗੀ।