- ਖਬਰ ਤੋਂ ਬਾਅਦ ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਮਾਮਲੇ ਦੀ ਜਾਂਚ ‘ਚ ਜੁਟਿਆ,
- ਹਾਲਾਂਕਿ ਨਗਰ ਨਿਗਮ ਵੱਲੋਂ ਗੈਸ ਲੀਕ ਹੋਣ ਦੀ ਖ਼ਬਰ ਨੂੰ ਕੀਤਾ ਗਿਆ ਖਾਰਜ
ਲੁਧਿਆਣਾ, 28 ਜੁਲਾਈ 2023 – ਲੁਧਿਆਣਾ ਜ਼ਿਲ੍ਹੇ ਵਿੱਚ ਇੱਕ ਵਾਰ ਫੇਰ ਗੈਸ ਲੀਕ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਗੈਸ ਲੀਕ ਹੋਣ ਦੀ ਖ਼ਬਰ ਤੋਂ ਬਾਅਦ ਇਲਾਕੇ ‘ਚ ਦਹਿਸ਼ਤ ਫੈਲ ਗਈ। ਲੁਧਿਆਣਾ ਦੇ ਗਿਆਸਪੁਰਾ ਇਲਾਕੇ ਵਿੱਚ ਅੱਜ ਸਵੇਰੇ ਸੂਆ ਰੋਡ ’ਤੇ ਜਿਸ ਥਾਂ ’ਤੇ 30 ਅਪਰੈਲ ਨੂੰ ਗੈਸ ਲੀਕ ਹੋਈ ਸੀ, ਉਸੇ ਥਾਂ ’ਤੇ ਇੱਕ ਮਹਿਲਾ ਰਾਹਗੀਰ ਡਿੱਗ ਪਈ ਮਿਲੀ। ਔਰਤ ਦੇ ਡਿੱਗਣ ਤੋਂ ਬਾਅਦ ਲੋਕਾਂ ‘ਚ ਗੈਸ ਲੀਕ ਹੋਣ ਦਾ ਡਰ ਫੈਲ ਗਿਆ।
ਲੋਕਾਂ ਨੇ ਤੁਰੰਤ ਪੁਲੀਸ ਅਤੇ ਵਿਧਾਇਕ ਰਜਿੰਦਰਪਾਲ ਕੌਰ ਛੀਨਾ ਨਾਲ ਸੰਪਰਕ ਕੀਤਾ। ਵਿਧਾਇਕ ਛੀਨਾ ਅਨੁਸਾਰ ਗੈਸ ਲੀਕ ਹੋਣ ਵਰਗੀ ਕੋਈ ਗੱਲ ਨਹੀਂ ਹੈ ਪਰ ਉਨ੍ਹਾਂ ਨੇ ਅਹਿਤਿਆਤ ਵਜੋਂ ਇਲਾਕਾ ਪੁਲੀਸ ਅਤੇ ਸਿਵਲ ਹਸਪਤਾਲ ਨੂੰ ਜ਼ਰੂਰ ਸੂਚਿਤ ਕੀਤਾ ਸੀ। ਫਿਲਹਾਲ ਜ਼ਿਲ੍ਹਾ ਪੁਲਸ ਪ੍ਰਸ਼ਾਸਨ ਮਾਮਲੇ ਦੀ ਜਾਂਚ ਕਰ ਰਿਹਾ ਹੈ। ਇਲਾਕਾ ਅਜੇ ਵੀ ਸੀਲ ਹੈ। ਫਿਲਹਾਲ ਨਗਰ ਨਿਗਮ ਦੀਆਂ ਟੀਮਾਂ ਵੀ ਮੌਕੇ ‘ਤੇ ਗਟਰ ਆਦਿ ਖੋਲ੍ਹ ਕੇ ਸੀਵਰੇਜ ਲਾਈਨ ਦੀ ਜਾਂਚ ਕਰ ਰਹੀਆਂ ਹਨ।
ਹਾਲਾਂਕਿ ਉਥੇ ਹੀ ਨਗਰ ਨਿਗਮ ਵੱਲੋਂ ਗੈਸ ਲੀਕ ਹੋਣ ਦੀ ਖ਼ਬਰ ਨੂੰ ਖਾਰਜ ਕਰ ਦਿੱਤਾ ਗਿਆ ਹੈ। ਐਕਸੀਅਨ ਰਣਬੀਰ ਸਿੰਘ ਨੇ ਦੱਸਿਆ ਕਿ ਮਲਟੀ ਗੈਸ ਡਿਟੈਕਟਰ ਮੀਟਰ ਜ਼ਰੀਏ ਕੀਤੀ ਗਈ ਚੈਕਿੰਗ ਦੌਰਾਨ ਕਿਸੇ ਤਰ੍ਹਾਂ ਦੀ ਗੈਸ ਦੀ ਮੌਜੂਦਗੀ ਸਾਹਮਣੇ ਨਹੀਂ ਆਈ ਹੈ। ਇਸ ਤੋਂ ਇਲਾਵਾ ਜੋ ਔਰਤ ਬੇਹੋਸ਼ ਹੋਈ, ਉਸ ਦੇ ਗਰਭਵਤੀ ਹੋਣ ਦੀ ਗੱਲ ਕਹੀ ਜਾ ਰਹੀ ਹੈ, ਜਿਸ ਨੂੰ ਹਸਪਤਾਲ ਦਾਖ਼ਲ ਕਰਾਇਆ ਗਿਆ ਹੈ ਅਤੇ ਉਸ ਦੀ ਹਾਲਤ ਬਿਲਕੁਲ ਠੀਕ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ।