- ਰਿਟਾਇਰਡ ਏਐਸਆਈ ਦਾ ਮੋਬਾਈਲ ਖੋਹ ਕੇ ਭੱਜ ਰਹੇ ਸੀ
- ਰੌਲਾ ਪਾਉਣ ਤੋਂ ਬਾਅਦ ਲੋਕਾਂ ਦੀ ਮਦਦ ਨਾਲ ਪਿੱਛਾ ਕਰਕੇ ਸਨੈਚਰਾਂ ਨੂੰ ਫੜਿਆ
ਲੁਧਿਆਣਾ, 30 ਜੁਲਾਈ 2023 – ਲੁਧਿਆਣਾ ਵਿੱਚ ਲੁੱਟਖੋਹ ਕਰਨ ਵਾਲਿਆਂ ਦੇ ਹੌਸਲੇ ਬੁਲੰਦ ਹਨ। ਕੁੱਝ ਲੁਟੇਰੇ ਅੱਜ ਸਵੇਰੇ ਸੈਰ ਕਰਨ ਜਾ ਰਹੇ ਸੇਵਾਮੁਕਤ ਏਐਸਆਈ ਦਾ ਮੋਬਾਈਲ ਖੋਹ ਕੇ ਫ਼ਰਾਰ ਹੋ ਗਏ। ਜਿਸ ਤੋਂ ਬਾਅਦ ਏਐਸਆਈ ਰੌਲਾ ਪਾ ਕੇ ਉਨ੍ਹਾਂ ਦੇ ਪਿੱਛੇ ਭੱਜਿਆ। ਜਿਸ ਤੋਂ ਬਾਅਦ ਲੋਕਾਂ ਦੀ ਮਦਦ ਨਾਲ ਕੁਝ ਦੂਰੀ ‘ਤੇ ਸਨੈਚਰਾਂ ਨੂੰ ਫੜ ਲਿਆ ਗਿਆ। ਗੁੱਸੇ ‘ਚ ਲੋਕਾਂ ਨੇ ਰਸਤੇ ਵਿੱਚ ਹੀ ਲੁਟੇਰਿਆਂ ਦੀ ਰੱਜ ਕੇ ਕੁੱਟਮਾਰ ਕੀਤੀ।
ਇਸ ਤੋਂ ਬਾਅਦ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ। ਥਾਣਾ ਟਿੱਬਾ ਅਧੀਨ ਪੈਂਦੇ ਸੁਭਾਸ਼ ਨਗਰ ਚੌਕੀ ਦੀ ਪੁਲੀਸ ਪੁੱਜੀ ਅਤੇ ਮੁਲਜ਼ਮਾਂ ਨੂੰ ਆਪਣੇ ਨਾਲ ਲੈ ਗਈ। ਜਾਣਕਾਰੀ ਅਨੁਸਾਰ ਸੁਭਾਸ਼ ਨਗਰ ਦੇ ਰਹਿਣ ਵਾਲੇ ਇੱਕ ਬਜ਼ੁਰਗ ਸੇਵਾਮੁਕਤ ਏਐਸਆਈ ਰੋਜ਼ਾਨਾ ਸੈਰ ਕਰਦੇ ਹਨ। ਅੱਜ ਵੀ ਉਹ ਸਵੇਰੇ ਸੈਰ ਕਰ ਰਿਹਾ ਸੀ। ਇਸ ਦੌਰਾਨ ਪਿੱਛਿਓਂ ਐਕਟਿਵਾ ‘ਤੇ ਸਵਾਰ ਦੋ ਲੁਟੇਰੇ ਆਏ ਅਤੇ ਉਸ ਦਾ ਮੋਬਾਈਲ ਖੋਹ ਕੇ ਲੈ ਗਏ। ਉਹ ਮੁਲਜ਼ਮਾਂ ਦੇ ਪਿੱਛੇ ਭੱਜਿਆ ਅਤੇ ਲੋਕਾਂ ਦੀ ਮਦਦ ਨਾਲ ਉਨ੍ਹਾਂ ਨੂੰ ਫੜ ਲਿਆ ਗਿਆ।
ਲੋਕਾਂ ਨੇ ਮੁਲਜ਼ਮਾਂ ਦੀ ਕੁੱਟਮਾਰ ਕੀਤੀ ਅਤੇ ਉਨ੍ਹਾਂ ਦੇ ਕੱਪੜੇ ਵੀ ਪਾੜ ਦਿੱਤੇ। ਲੋਕਾਂ ਨੇ ਦੋਸ਼ ਲਾਇਆ ਕਿ ਇਸ ਇਲਾਕੇ ਵਿੱਚ ਅਕਸਰ ਹੀ ਵਾਰਦਾਤਾਂ ਵਾਪਰ ਰਹੀਆਂ ਹਨ। ਇਲਾਕਾ ਪੁਲਿਸ ਵੱਲੋਂ ਫੜੇ ਗਏ ਸਨੈਚਰਾਂ ਦੇ ਅਪਰਾਧਿਕ ਰਿਕਾਰਡ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਇਲਾਕੇ ਵਿੱਚ ਹੋਰ ਚੋਰੀਆਂ ਦਾ ਵੀ ਖੁਲਾਸਾ ਹੋ ਸਕੇ।