- ਅਮਰਨਾਥ ਯਾਤਰਾ ‘ਤੇ ਜਾ ਰਿਹਾ ਸੀ ਬਦਮਾਸ਼
- ਮਾਮਲਾ ਲੁਧਿਆਣਾ ਦੇ ਸ਼ਾਸਤਰੀ ਨਗਰ ‘ਚ ਗੋਲੀਬਾਰੀ ਦਾ
ਲੁਧਿਆਣਾ, 30 ਜੁਲਾਈ 2023 – ਲੁਧਿਆਣਾ ਜ਼ਿਲ੍ਹੇ ਦੀ ਪੁਲਿਸ ਨੇ ਕਈ ਮਾਮਲਿਆਂ ਵਿੱਚ ਭਗੌੜੇ ਗੈਂਗਸਟਰ ਪੁਨੀਤ ਬੈਂਸ ਨੂੰ ਗ੍ਰਿਫ਼ਤਾਰ ਕੀਤਾ ਹੈ। ਸੀਆਈਏ-2 ਦੀ ਪੁਲੀਸ ਨੇ ਉਸ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮ ਦੀ ਗ੍ਰਿਫ਼ਤਾਰੀ ਥਾਣਾ ਟਿੱਬਾ ਦੇ ਸੁਭਾਸ਼ ਨਗਰ ਚੌਕੀ ਵਿੱਚ ਪਾਈ ਗਈ ਹੈ।
ਪੁਨੀਤ ਬੈਂਸ ਸ਼੍ਰੀ ਅਮਰਨਾਥ ਯਾਤਰਾ ‘ਤੇ ਜਾ ਰਿਹਾ ਸੀ। ਇਸ ਦੌਰਾਨ ਪੁਲੀਸ ਨੇ ਉਸ ਨੂੰ ਅੱਧ ਵਿਚਕਾਰ ਹੀ ਫੜ ਲਿਆ। ਪੁਲਿਸ ਨੇ ਪੁਨੀਤ ਨੂੰ ਸ਼ਾਸਤਰੀ ਨਗਰ ਸਥਿਤ ਇੱਕ ਘਰ ‘ਤੇ ਗੋਲੀ ਚਲਾਉਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਹੈ। ਕਾਫੀ ਸਮੇਂ ਤੋਂ ਪੁਲਸ ਇਸ ਬਦਮਾਸ਼ ਦੀ ਭਾਲ ਕਰ ਰਹੀ ਸੀ।
ਪੁਲਿਸ ਸੂਤਰਾਂ ਅਨੁਸਾਰ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਗੈਂਗਸਟਰ ਰੋਪੜ ਰਾਹੀਂ ਸ੍ਰੀ ਅਮਰਨਾਥ ਯਾਤਰਾ ‘ਤੇ ਜਾਣ ਦੀ ਤਿਆਰੀ ਕਰ ਰਿਹਾ ਹੈ। ਮੁਲਜ਼ਮ ਦੀ ਲੋਕੇਸ਼ਨ ਟਰੇਸ ਕਰਦਿਆਂ ਪੁਲੀਸ ਨੇ ਉਸ ਦਾ ਪਿੱਛਾ ਕੀਤਾ ਅਤੇ ਟਾਂਡਾ ਨੇੜਿਓਂ ਉਸ ਨੂੰ ਕਾਬੂ ਕਰ ਲਿਆ। ਪੁਲਸ ਨੇ ਦੋਸ਼ੀ ਨੂੰ ਅਦਾਲਤ ‘ਚ ਪੇਸ਼ ਕਰਨ ਤੋਂ ਬਾਅਦ ਉਸ ਦਾ 3 ਦਿਨ ਦਾ ਰਿਮਾਂਡ ਲੈ ਲਿਆ ਹੈ।
ਪੁਨੀਤ ਬੈਂਸ ਮਾਮਲੇ ‘ਚ ਅੱਜ ਜ਼ਿਲ੍ਹਾ ਪੁਲਿਸ ਪ੍ਰੈੱਸ ਕਾਨਫਰੰਸ ਕਰ ਸਕਦੀ ਹੈ। ਪੁਲਿਸ ਬੈਂਸ ਦੇ ਹੋਰ ਸਾਥੀਆਂ ਦੀ ਭਾਲ ਵਿੱਚ ਲਗਾਤਾਰ ਛਾਪੇਮਾਰੀ ਕਰ ਰਹੀ ਹੈ। ਪੁਨੀਤ ਬੈਂਸ ਅਤੇ ਸ਼ੁਭਮ ਮੋਟਾ ਗੈਂਗ ਦੀ ਆਪਸ ‘ਚ ਕਾਫੀ ਤਕਰਾਰ ਚੱਲ ਰਹੀ ਹੈ। ਇਸ ਕਾਰਨ ਪੁਲੀਸ ਵੱਲੋਂ ਦੋਵਾਂ ਗਰੁੱਪਾਂ ਦੇ ਵੱਖ-ਵੱਖ ਮਾਮਲਿਆਂ ਵਿੱਚ ਫਰਾਰ ਹੋਏ ਬਦਮਾਸ਼ਾਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।