ਅੰਮ੍ਰਿਤਸਰ, 30 ਜੁਲਾਈ 2023 – ਅੰਮ੍ਰਿਤਸਰ ਦੇ ਇਤਿਹਾਸਕ ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਦੇ ਪ੍ਰਸਾਰਣ ਨੂੰ ਲੈ ਕੇ ਪੈਦਾ ਹੋਏ ਵਿਵਾਦ ਦੇ ਮਹੀਨਿਆਂ ਬਾਅਦ ਪਹਿਲਾਂ ਵਾਲਾ ਹੀ ਨਿੱਜੀ ਟੀਵੀ ਚੈਨਲ ਮੁੜ ਸੇਵਾਵਾਂ ਪ੍ਰਦਾਨ ਕਰੇਗਾ। ਇਹ ਸੇਵਾਵਾਂ ਉਦੋਂ ਤੱਕ ਜਾਰੀ ਰਹਿਣਗੀਆਂ ਜਦੋਂ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣਾ ਚੈਨਲ ਸ਼ੁਰੂ ਨਹੀਂ ਕਰਦੀ। ਸ਼੍ਰੋਮਣੀ ਕਮੇਟੀ ਦੀ ਬੇਨਤੀ ਤੋਂ ਬਾਅਦ ਚੈਨਲ ਨੇ ਆਪਣੀਆਂ ਸੇਵਾਵਾਂ ਜਾਰੀ ਰੱਖਣ ਲਈ ਹਾਮੀ ਭਰ ਦਿੱਤੀ ਪਰ 2 ਕਰੋੜ ਰੁਪਏ ਦੀ ਸਾਲਾਨਾ ਅਦਾਇਗੀ ਹੋਵੇਗੀ ਜਾਂ ਨਹੀਂ, ਇਹ ਸਵਾਲ ਖੜ੍ਹਾ ਹੋ ਗਿਆ ਹੈ।
ਦਰਅਸਲ, ਪ੍ਰਾਈਵੇਟ ਚੈਨਲ ਹਰ ਸਾਲ ਇਕਰਾਰਨਾਮੇ ਅਨੁਸਾਰ ਸ਼੍ਰੋਮਣੀ ਕਮੇਟੀ ਨੂੰ 2 ਕਰੋੜ ਰੁਪਏ ਅਦਾ ਕਰ ਰਿਹਾ ਸੀ ਪਰ ਇਹ ਠੇਕਾ 23 ਜੁਲਾਈ ਨੂੰ ਖਤਮ ਹੋ ਗਿਆ ਸੀ। ਸ਼੍ਰੋਮਣੀ ਕਮੇਟੀ ਨੇ 24 ਜੁਲਾਈ ਤੋਂ ਆਪਣਾ ਯੂ-ਟਿਊਬ ਚੈਨਲ ਵੀ ਸ਼ੁਰੂ ਕੀਤਾ ਹੈ। ਇਸੇ ਦੌਰਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਵੱਲੋਂ ਇੱਕ ਸੰਦੇਸ਼ ਆਇਆ ਅਤੇ ਸ਼੍ਰੋਮਣੀ ਕਮੇਟੀ ਨੂੰ ਬੇਨਤੀ ਕੀਤੀ ਕਿ ਉਹ ਬਿਨਾਂ ਠੇਕੇ ਦੇ ਨਿੱਜੀ ਚੈਨਲਾਂ ਤੋਂ ਗੁਰਬਾਣੀ ਦਾ ਪ੍ਰਸਾਰਣ ਜਾਰੀ ਰੱਖੇ, ਜਿਸ ਨੂੰ ਪ੍ਰਵਾਨ ਕਰ ਲਿਆ ਗਿਆ।
ਸ਼੍ਰੋਮਣੀ ਕਮੇਟੀ ਦੇ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਯੂ-ਟਿਊਬ ਚੈਨਲ ’ਤੇ ਗੁਰਬਾਣੀ ਦਾ ਪ੍ਰਸਾਰਣ ਕਰਨ ਲਈ ਪ੍ਰਾਈਵੇਟ ਚੈਨਲ ਸ਼੍ਰੋਮਣੀ ਕਮੇਟੀ ਦੀ ਮਦਦ ਕਰ ਰਿਹਾ ਹੈ। ਸ਼੍ਰੋਮਣੀ ਕਮੇਟੀ ਆਪਣੇ ਬੁਨਿਆਦੀ ਢਾਂਚੇ ਦੀ ਵਰਤੋਂ ਕਰ ਰਹੀ ਹੈ। ਐਸਜੀਪੀਸੀ ਆਪਣੇ ਯੂ-ਟਿਊਬ ਚੈਨਲ ‘ਤੇ ਵੀ ਇਹੀ ਵੀਡੀਓ ਫੀਡ ਪ੍ਰਸਾਰਿਤ ਕਰ ਰਹੀ ਹੈ।
ਦੂਜੇ ਪਾਸੇ ਇਸ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਵੱਲੋਂ ਇਸ ਲਈ ਦਿੱਲੀ ਦੀ ਇੱਕ ਕੰਪਨੀ ਨਾਲ ਸਮਝੌਤਾ ਕੀਤਾ ਜਾ ਰਿਹਾ ਸੀ, ਜਿਸ ਤਹਿਤ ਸ਼੍ਰੋਮਣੀ ਕਮੇਟੀ ਨੂੰ ਪ੍ਰਤੀ ਮਹੀਨਾ ਕਰੀਬ 12 ਲੱਖ ਰੁਪਏ ਦੇਣੇ ਪੈਂਦੇ ਸਨ। ਪ੍ਰਾਈਵੇਟ ਚੈਨਲ ਵੱਲੋਂ ਸੇਵਾ ਦੇਣ ਦੀ ਹਾਮੀ ਭਰਨ ਤੋਂ ਬਾਅਦ ਇਹ ਠੇਕਾ ਵੀ ਅੱਧ ਵਿਚਕਾਰ ਹੀ ਬੰਦ ਹੋ ਗਿਆ।
ਦੂਜੇ ਪਾਸੇ ਸ਼੍ਰੋਮਣੀ ਕਮੇਟੀ ਦਾ ਕਹਿਣਾ ਹੈ ਕਿ ਆਪਣਾ ਚੈਨਲ ਸ਼ੁਰੂ ਕਰਨ ਲਈ ਯਤਨ ਜਾਰੀ ਹਨ। ਸ਼੍ਰੋਮਣੀ ਕਮੇਟੀ ਦਾ ਵਫ਼ਦ ਪਿਛਲੇ ਦਿਨੀਂ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਨੂੰ ਵੀ ਮਿਲਿਆ ਸੀ, ਜਿਸ ਵਿੱਚ ਜ਼ਰੂਰੀ ਸ਼ਰਤਾਂ ਅਤੇ ਨਿਯਮਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ਸੀ।
ਦੂਜੇ ਪਾਸੇ ਚੈਨਲ ਦੇ ਇੱਕ ਅਧਿਕਾਰੀ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਸ਼੍ਰੋਮਣੀ ਕਮੇਟੀ ਨੂੰ 2 ਕਰੋੜ ਰੁਪਏ ਸਾਲਾਨਾ ਦਿੱਤੇ ਜਾ ਰਹੇ ਹਨ। ਇਕਰਾਰਨਾਮੇ ਦੀ ਮਿਆਦ ਖਤਮ ਹੋਣ ਤੋਂ ਬਾਅਦ, ਸ਼੍ਰੋਮਣੀ ਕਮੇਟੀ ਦੀ ਬੇਨਤੀ ਤੋਂ ਬਾਅਦ, ਉਨ੍ਹਾਂ ਦੇ ਚੈਨਲ ਨੇ ਮੁਫਤ ਸੇਵਾ ਜਾਰੀ ਰੱਖਣ ਦਾ ਫੈਸਲਾ ਕੀਤਾ।
ਦੂਜੇ ਪਾਸੇ 2 ਕਰੋੜ ਦੇਣ ਦੇ ਸਵਾਲ ‘ਤੇ ਚੈਨਲ ਦੇ ਅਧਿਕਾਰੀ ਨੇ ਕਿਹਾ ਕਿ ਪਹਿਲਾਂ ਵਾਂਗ 2 ਕਰੋੜ ਦੇਣ ‘ਤੇ ਕੋਈ ਵਿਚਾਰ ਨਹੀਂ ਕੀਤਾ ਗਿਆ। ਜੇਕਰ ਐਸਜੀਪੀਸੀ ਕਹਿੰਦੀ ਹੈ ਤਾਂ ਇਸ ਦੀ ਜਾਂਚ ਕੀਤੀ ਜਾਵੇਗੀ।