- ਮੋਗਾ ਦੇ ਧੂਰਕੋਟ, ਹੁਸ਼ਿਆਰਪੁਰ ਦੇ ਡੱਲੇਵਾਲ ਅਤੇ ਜਲੰਧਰ ਦੇ ਦੌਲਤਪੁਰ ‘ਚ ਕੀਤੀ ਛਾਪੇਮਾਰੀ
- ਦੱਸਿਆ ਜਾ ਰਿਹਾ ਹੈ ਕੇ ਛਾਪੇਮਾਰੀ ਕੁੱਲ 15 ਤੋਂ ਵੱਧ ਥਾਵਾਂ ’ਤੇ ਕੀਤੀ ਜਾ ਰਹੀ ਹੈ
- ਅੱਤਵਾਦੀ ਗਤੀਵਿਧੀਆਂ ਦੇ ਸਬੰਧ ‘ਚ ਛਾਪੇਮਾਰੀ ਹੋਈ
ਚੰਡੀਗੜ੍ਹ, 1 ਅਗਸਤ 2023 – ਪੰਜਾਬ ‘ਚ ਅੱਜ ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਨੇ ਅੱਤਵਾਦੀ ਸਬੰਧਾਂ ਨੂੰ ਲੈ ਕੇ ਕਈ ਸ਼ਹਿਰਾਂ ‘ਚ ਛਾਪੇਮਾਰੀ ਕੀਤੀ। ਪੰਜਾਬ ‘ਚ ਮੋਗਾ ਦੇ ਅਧੀਨ ਆਉਂਦੇ ਧੂਰਕੋਟ (ਨਿਹਾਲ ਸਿੰਘ ਵਾਲਾ), ਹੁਸ਼ਿਆਰਪੁਰ ਦੇ ਪਿੰਡ ਡੱਲੇਵਾਲ ਅਤੇ ਜ਼ਿਲਾ ਜਲੰਧਰ ਅਧੀਨ ਪੈਂਦੇ ਪਿੰਡ ਦੌਲਪੁਰ (ਕਿਸ਼ਨਗੜ੍ਹ) ‘ਚ ਵਿਦੇਸ਼ਾਂ ‘ਚ ਬੈਠੇ ਅੱਤਵਾਦੀਆਂ ਅਤੇ ਗੈਂਗਸਟਰਾਂ ਦੇ ਸਬੰਧਾਂ ਨੂੰ ਲੈ ਕੇ NIA ਵੱਲੋਂ ਛਾਪੇਮਾਰੀ ਕੀਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕੇ ਇਹ ਛਾਪੇਮਾਰੀ ਕੁੱਲ 15 ਤੋਂ ਵੱਧ ਥਾਵਾਂ ’ਤੇ ਕੀਤੀ ਜਾ ਰਹੀ ਹੈ।
ਮੋਹਾਲੀ ਵਿਚ ਪਰਮਜੀਤ ਸਿੰਘ ਪੰਮਾ ਨਾਂ ਦੇ ਵਿਅਕਤੀ ਦੇ ਘਰ ਛਾਪਾ ਮਾਰਿਆ ਗਿਆ ਹੈ। ਸ੍ਰੀ ਮੁਕਤਸਰ ਸਾਹਿਬ ਵਿਚ ਵੀ ਛਾਪੇਮਾਰੀ ਦੀ ਖਬਰ ਹੈ। ਜਲੰਧਰ ਦੇ ਕਿਸ਼ਨਗੜ੍ਹ ਦੇ ਨਾਲ ਲੱਗਦੇ ਪਿੰਡ ਦੌਲਤਪੁਰ ‘ਚ ਸਾਬਕਾ ਸਰਪੰਚ ਮਲਕੀਤ ਸਿੰਘ ਦੌਲਤਪੁਰ, ਜੋ ਹੁਣ ਅਕਾਲੀ ਦਲ ਦੇ ਆਗੂ ਹਨ, ਦੇ ਘਰ ਛਾਪਾ ਮਾਰਿਆ ਹੈ। NIA ਦੀ ਟੀਮ ਨੇ ਮਲਕੀਤ ਸਿੰਘ ਦੌਲਤਪੁਰ ਦੇ ਘਰ ਕਰੀਬ 3 ਵਜੇ ਛਾਪਾ ਮਾਰਿਆ। ਉਸ ਸਮੇਂ ਸਾਰਾ ਪਰਿਵਾਰ ਸੌਂ ਰਿਹਾ ਸੀ। ਉਨ੍ਹਾਂ ਸਾਰਿਆਂ ਨੂੰ ਵੱਖ-ਵੱਖ ਕਮਰਿਆਂ ‘ਚ ਬਿਠਾ ਕੇ ਅਲੱਗ-ਅਲੱਗ ਪੁੱਛਗਿੱਛ ਕੀਤੀ।
ਇਸੇ ਤਰ੍ਹਾਂ ਗੈਂਗਸਟਰ ਸਿੰਡੀਕੇਟ ਸਬੰਧੀ ਮੋਗਾ ਜ਼ਿਲ੍ਹੇ ਅਧੀਨ ਪੈਂਦੇ ਪਿੰਡ ਧੂਰਕੋਟ (ਨਿਹਾਲ ਸਿੰਘ ਵਾਲਾ) ਵਿੱਚ ਜਸਵਿੰਦਰ ਸਿੰਘ ਦੇ ਘਰ ਐਨਆਈਏ ਦੀ ਟੀਮ ਨੇ ਛਾਪਾ ਮਾਰਿਆ। NIA ਅਧਿਕਾਰੀ ਜਸਵਿੰਦਰ ਤੋਂ ਵਿਦੇਸ਼ਾਂ ‘ਚ ਬੈਠੇ ਗੈਂਗਸਟਰਾਂ ਬਾਰੇ ਵੀ ਪੁੱਛਗਿੱਛ ਕਰ ਰਹੇ ਹਨ।
NIA ਦੀ ਟੀਮ ਨੇ ਸਵੇਰੇ ਤੋਂ ਪਹਿਲਾਂ ਹੁਸ਼ਿਆਰਪੁਰ ਦੇ ਪਿੰਡ ਡੱਲੇਵਾਲ ਵਿੱਚ ਲਵਸ਼ਿੰਦਰ ਸਿੰਘ ਦੇ ਘਰ ਛਾਪਾ ਮਾਰਿਆ। ਲਵਸ਼ਿੰਦਰ ਸਿੰਘ ਪਿਛਲੇ ਦਿਨੀਂ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਆਗੂ ਵੀ ਰਹਿ ਚੁੱਕੇ ਹਨ। ਵਿਦੇਸ਼ਾਂ ‘ਚ ਬੈਠੇ ਖਾਲਿਸਤਾਨੀ ਅੱਤਵਾਦੀਆਂ ਅਤੇ ਗੈਂਗਸਟਰਾਂ ਨਾਲ ਸਬੰਧਾਂ ਬਾਰੇ ਪੁੱਛਗਿੱਛ ਜਾਰੀ ਹੈ।