ਨਵੀਂ ਖੇਡ ਨੀਤੀ ਦੇ ਲਾਗੂ ਹੋਣ ਨਾਲ ਪੰਜਾਬ ਖੇਡਾਂ ‘ਚ ਦੇਸ਼ ਦਾ ਨੰਬਰ ਇਕ ਸੂਬਾ ਬਣੇਗਾ: ਮੀਤ ਹੇਅਰ

  • ਬੈਡਮਿੰਟਨ ਖੇਡ ਦੇ ਵੱਕਾਰੀ ਟੂਰਨਾਮੈਂਟ ਪਹਿਲੀ ਵਾਰ ਨਗਦ ਇਨਾਮ ਰਾਸ਼ੀ ਦੇ ਘੇਰੇ ਵਿੱਚ ਲਿਆਂਦੇ
  • ਖੇਡ ਮੰਤਰੀ ਨੇ ਬੈਡਮਿੰਟਨ ਖੇਡ ਕੇ ਪੰਜਾਬ ਸਟੇਟ ਬੈਡਮਿੰਟਨ ਰੈਂਕਿੰਗ ਟੂਰਨਾਮੈਂਟ ਦੇ ਫ਼ਾਈਨਲ ਦੀ ਕੀਤੀ ਸ਼ੁਰੂਆਤ

ਐੱਸ ਏ ਐੱਸ ਨਗਰ/ਜ਼ੀਰਕਪੁਰ, 1 ਅਗਸਤ 2023 – ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਖੇਡਾਂ ਤੇ ਖਿਡਾਰੀਆਂ ਪੱਖੀ ਮਾਹੌਲ ਸਿਰਜਣ ਲਈ ਬਣਾਈ ਨਿਵੇਕਲੀ ਤੇ ਵਿਆਪਕ ਖੇਡ ਨੀਤੀ ਦੇ ਲਾਗੂ ਹੋਣ ਨਾਲ ਪੰਜਾਬ ਜਲਦ ਹੀ ਮੁੜ ਦੇਸ਼ ਦਾ ਨੰਬਰ ਇਕ ਸੂਬਾ ਬਣੇਗਾ। ਇਹ ਗੱਲ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਅੱਜ ਇੱਥੇ ਏ.ਐਮ.ਅਕੈਡਮੀ ਵੱਲੋਂ ਸੀਨੀਅਰ ਤੇ ਜੂਨੀਅਰ ਵਰਗ ਦੇ ਕਰਵਾਏ ਪੰਜਾਬ ਸਟੇਟ ਬੈਡਮਿੰਟਨ ਰੈਂਕਿੰਗ ਟੂਰਨਾਮੈਂਟ ਦੇ ਫ਼ਾਈਨਲ ਦੌਰਾਨ ਬੋਲਦਿਆਂ ਕਹੀ।

ਮੀਤ ਹੇਅਰ ਨੇ ਸੀਨੀਅਰ ਪੁਰਸ਼ ਫਾਈਨਲ ਦੇ ਖਿਡਾਰੀਆਂ ਚਿਰਾਗ ਸ਼ਰਮਾ ਤੇ ਅਭਿਨਵ ਠਾਕੁਰ ਨਾਲ ਹੱਥ ਮਿਲਾ ਕੇ ਮੈਚ ਦੀ ਸ਼ੁਰੂਆਤ ਕਰਵਾਈ। ਇਸ ਮੌਕੇ ਖੇਡ ਮੰਤਰੀ ਨੇ ਸੰਕੇਤਕ ਤੌਰ ਉੱਤੇ ਕੋਰਟ ਉੱਤੇ ਬੈਡਮਿੰਟਨ ਖੇਡ ਕੇ ਫ਼ਾਈਨਲ ਦਾ ਰਸਮੀ ਉਦਘਾਟਨ ਕੀਤਾ।

ਖੇਡ ਮੰਤਰੀ ਨੇ ਅੱਗੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ਉਤੇ ਪੰਜਾਬ ਨੂੰ ਖੇਡਾਂ ਦੇ ਖੇਤਰ ਵਿੱਚ ਮੁੜ ਦੇਸ਼ ਦਾ ਨੰਬਰ ਇੱਕ ਸੂਬਾ ਬਣਾਉਣ ਅਤੇ ਖੇਡ ਸੱਭਿਆਚਾਰ ਪੈਦਾ ਕਰਨ ਲਈ ਬਣਾਈ ਗਈ ਨਵੀਂ ਖੇਡ ਨੀਤੀ ਵਿੱਚ ਕਈ ਅਹਿਮ ਫੈਸਲੇ ਲਏ ਗਏ ਹਨ। ਮੀਤ ਹੇਅਰ ਨੇ ਬੈਡਮਿੰਟਨ ਖੇਡ ਦਾ ਜ਼ਿਕਰ ਕਰਦਿਆਂ ਕਿਹਾ ਕਿ ਪਹਿਲੀ ਵਾਰ ਥੌਮਸ ਕੱਪ, ਓਬੇਰ ਕੱਪ ਅਤੇ ਵਿਸ਼ਵ ਬੈਡਮਿੰਟਨ ਫੈਡਰੇਸ਼ਨ ਦੇ ਵਰਲਡ ਟੂਰ ਫਾਈਨਲਜ਼ ਦੇ ਤਮਗਾ ਜੇਤੂਆਂ ਨੂੰ ਨਗਦ ਇਨਾਮ ਰਾਸ਼ੀ ਦੇ ਦਾਇਰੇ ਵਿੱਚ ਲਿਆਂਦਾ ਗਿਆ ਹੈ। ਇਨ੍ਹਾਂ ਖੇਡਾਂ ਦੇ ਸੋਨੇ, ਚਾਂਦੀ ਤੇ ਕਾਂਸੀ ਦੇ ਤਮਗੇ ਜੇਤੂ ਪੰਜਾਬੀ ਖਿਡਾਰੀਆਂ ਨੂੰ ਕ੍ਰਮਵਾਰ 75 ਲੱਖ, 40 ਲੱਖ ਤੇ 30 ਲੱਖ ਰੁਪਏ ਦੀ ਨਗਦ ਇਨਾਮ ਰਾਸ਼ੀ ਨਾਲ ਸਨਮਾਨਤ ਕੀਤਾ ਜਾਵੇਗਾ।

ਮੀਤ ਹੇਅਰ ਨੇ ਅੱਗੇ ਕਿਹਾ ਕਿ ਸੂਬੇ ਦੇ ਹਰ ਪਿੰਡ ਵਿੱਚ ਖੇਡ ਨਰਸਰੀ ਬਣਾਉਣ ਤੋਂ ਲੈ ਕੇ ਸਟੇਟ ਪੱਧਰ ਦੇ ਅਤਿ-ਆਧੁਨਿਕ ਸਹੂਲਤਾਂ ਨਾਲ ਲੈਸ ਸੈਂਟਰ ਬਣਨਗੇ।ਉਨ੍ਹਾਂ ਦੱਸਿਆ ਕਿ ਤਮਗ਼ਾ ਜੇਤੂ ਖਿਡਾਰੀਆਂ ਨੂੰ ਨੌਕਰੀਆਂ ਦੇਣ ਲਈ 500 ਪੋਸਟਾਂ ਦਾ ਵਿਸ਼ੇਸ਼ ਕਾਡਰ ਬਣਾਇਆ ਗਿਆ ਹੈ। ਹੁਣ ਖਿਡਾਰੀਆਂ ਨੂੰ ਸਿੱਧੀਆਂ ਨੌਕਰੀ ਮਿਲਣਗੀਆਂ।

ਕੌਮਾਂਤਰੀ ਪੱਧਰ ਦੇ ਖੇਡ ਮੁਕਾਬਲਿਆਂ ਦੀ ਸਿਰਫ ਤਿਆਰੀ ਲਈ ਪਹਿਲੀ ਵਾਰ ਨਗਦ ਇਨਾਮ ਰਾਸ਼ੀ ਰੱਖੀ ਗਈ ਹੈ ਜਿਵੇਂ ਕਿ ਓਲੰਪਿਕ ਖੇਡਾਂ ਤੇ ਪੈਰਾਲੰਪਿਕਸ ਲਈ 15 ਲੱਖ ਰੁਪਏ, ਵਿਸ਼ਵ ਚੈਂਪੀਅਨਸ਼ਿਪ ਤੇ ਵਿਸ਼ਵ ਕੱਪ (ਚਾਰ ਸਾਲਾਂ), ਏਸ਼ੀਅਨ ਗੇਮਜ਼, ਪੈਰਾ ਏਸ਼ੀਅਨ ਤੇ ਡੈਫ ਏਸੀਅਨ ਗੇਮਜ਼, ਕਾਮਨਵੈਲਥ, ਪੈਰਾ ਤੇ ਡੈਫ ਕਾਮਨਵੈਲਥ ਗੇਮਜ਼ ਲਈ 8-8 ਲੱਖ ਰੁਪਏ ਮਿਲਣਗੇ। ਹੋਰ ਵੀ ਸਾਰੀਆਂ ਕੌਮਾਂਤਰੀ ਖੇਡਾਂ ਦੀ ਤਿਆਰੀ ਲਈ ਰਾਸ਼ੀ ਰੱਖੀ ਗਈ ਹੈ।ਬਲਬੀਰ ਸਿੰਘ ਸੀਨੀਅਰ ਵਜ਼ੀਫਾ ਸਕੀਮ ਤਹਿਤ ਸੀਨੀਅਰ ਪੱਧਰ ਉਤੇ ਨੈਸ਼ਨਲ ਮੈਡਲ ਜੇਤੂ ਨੂੰ ਇਕ ਸਾਲ ਲਈ 16 ਹਜ਼ਾਰ ਰੁਪਏ ਵਜ਼ੀਫਾ ਅਤੇ ਜੂਨੀਅਰ ਪੱਧਰ ਉਤੇ ਨੈਸ਼ਨਲ ਮੈਡਲ ਜੇਤੂ ਨੂੰ ਇਕ ਸਾਲ ਲਈ 12 ਹਜ਼ਾਰ ਰੁਪਏ ਵਜ਼ੀਫਾ ਦਿੱਤਾ ਜਾਵੇਗਾ।

ਇਸ ਮੌਕੇ ਪੰਜਾਬ ਬੈਡਮਿੰਟਨ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਮਹਿੰਦਰ ਚੋਪੜਾ, ਨਿਗਰਾਨ ਚਿਤਰੰਜਨ ਬਾਂਸਲ, ਮੁਹਾਲੀ ਜ਼ਿਲਾ ਬੈਡਮਿੰਟਨ ਐਸੋਸੀਏਸ਼ਨ ਦੇ ਪ੍ਰਧਾਨ ਅਸ਼ੋਕ ਕੌਸ਼ਲ ਅਤੇ ਏ.ਐਮ.ਅਕੈਡਮੀ ਤਰਫੋਂ ਜਤਿੰਦਰ ਮਹਾਜਨ, ਮਨੋਜ ਕੁਮਾਰ ਤੇ ਸੰਦੀਪ ਮਹਾਜਨ ਵੀ ਹਾਜ਼ਰ ਸਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

JNCTD ਦਿੱਲੀ ਵਿੱਚ ਲੋਕਤੰਤਰ ਨੂੰ ‘ਬਾਬੂਸ਼ਾਹੀ’ ਵਿਚ ਬਦਲ ਦੇਵੇਗਾ: ਆਪ

ਪੰਜਾਬ ਵੱਲੋਂ ਲੋਕ ਨਿਰਮਾਣ ਵਿਭਾਗ ਦੀਆਂ ਜਾਇਦਾਦਾਂ ਦੀ ਸਰਵੋਤਮ ਵਰਤੋਂ ਨੂੰ ਯਕੀਨੀ ਬਣਾਉਣ ਲਈ ਰਣਨੀਤੀ ਤਿਆਰ – ਈ.ਟੀ.ਓ