ਸੁਪਰੀਮ ਕੋਰਟ ਰਾਹੀਂ ਕੇਂਦਰ ਤੋਂ RDF ਦੇ 4220 ਕਰੋੜ ਰੁਪਏ ਜਲਦ ਮਿਲਣ ਦੀ ਆਸ – ਹਰਚੰਦ ਬਰਸਟ

  • ਮੰਡੀ ਬੋਰਡ ਚੇਅਰਮੈਨ ਵੱਲੋਂ ਪੰਜਾਬ ਦੀਆਂ ਮੰਡੀਆਂ ‘ਚ 50 ਹਜ਼ਾਰ ਬੂਟੇ ਲਾਉਣ ਦੀ ਮੁਹਿੰਮ ਦਾ ਪਟਿਆਲਾ ਤੋਂ ਆਗ਼ਾਜ਼
  • ਪੰਜਾਬ ਮੰਡੀ ਬੋਰਡ ਦੀ ਆਮਦਨ ਦੁੱਗਣੀ ਕਰਨ ਦਾ ਟੀਚਾ, ਸਾਰੀਆਂ ਮੰਡੀਆਂ ਦਾ ਸਿਸਟਮ ਹੋਵੇਗਾ ਆਧੁਨਿਕ

ਪਟਿਆਲਾ/ਸਮਾਣਾ, 3 ਅਗਸਤ 2023 – ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਨੇ ਅੱਜ ਪੰਜਾਬ ਦੀਆਂ ਮੰਡੀਆਂ ਵਿੱਚ 50 ਹਜ਼ਾਰ ਬੂਟੇ ਲਗਾਉਣ ਦੀ ਮੁਹਿੰਮ ਦਾ ਆਗ਼ਾਜ਼ ਪਟਿਆਲਾ ਜ਼ਿਲ੍ਹੇ ਤੋਂ ਕੀਤਾ। ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਪੰਜਾਬ ਦਾ ਦਿਹਾਤੀ ਵਿਕਾਸ ਫੰਡ ਦਾ 4220 ਕਰੋੜ ਰੁਪਏ ਰੋਕ ਕੇ ਸੂਬੇ ਨਾਲ ਬਹੁਤ ਧੱਕਾ ਕੀਤਾ ਹੈ ਪਰੰਤੂ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਸੁਪਰੀਮ ਕੋਰਟ ਦਾ ਰਸਤਾ ਅਖ਼ਤਿਆਰ ਕੀਤਾ ਹੈ, ਇਸ ਲਈ ਇਹ ਪੈਸਾ ਜਲਦ ਮਿਲਣ ਦੀ ਆਸ ਹੈ।

ਸਮਾਣਾ ਤੇ ਪਟਿਆਲਾ ਦੀਆਂ ਮੰਡੀਆਂ ਵਿੱਚ ਬੂਟੇ ਲਗਾਉਣ ਦੀ ਸ਼ੁਰੂਆਤ ਕਰਨ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਚੇਅਰਮੈਨ ਹਰਚੰਦ ਸਿੰਘ ਬਰਸਟ ਨੇ ਕਿਹਾ ਕਿ 4220 ਕਰੋੜ ਰੁਪਏ, ਜੋਕਿ ਪੰਜਾਬ ਦਾ ਹੱਕ ਹੈ, ਮਿਲਣ ਨਾਲ ਇਹ ਪੈਸਾ ਰਾਜ ਦੀਆਂ ਸੜਕਾਂ ਤੇ ਮੰਡੀਆਂ ਦੇ ਵਿਕਾਸ ਲਈ ਲੱਗੇਗਾ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਟੀਚਾ ਹੈ ਕਿ ਮੰਡੀ ਬੋਰਡ ਦੀ ਆਮਦਨ ਦੁੱਗਣੀ ਕੀਤੀ ਜਾਵੇ ਇਸ ਲਈ ਬੋਰਡ ਦੇ ਕਿਸਾਨ ਭਵਨ ਦਾ ਨਵੀਨੀਕਰਨ ਕੀਤਾ ਗਿਆ ਹੈ ਅਤੇ ਬਾਕੀ ਗੈਸਟ ਹਾਊਸਾਂ ਨੂੰ ਵਿਕਸਤ ਕਰਕੇ ਓਇਓ ਐਪ ਨਾਲ ਵੀ ਜੋੜਿਆ ਜਾਵੇਗਾ।

ਹਰਚੰਦ ਸਿੰਘ ਬਰਸਟ ਨੇ ਕਿਹਾ ਕਿ, ਰਾਜ ਦੀਆਂ ਛੋਟੀਆਂ ਮੰਡੀਆਂ ਨੂੰ ਵੱਡਾ ਕੀਤਾ ਜਾਵੇਗਾ, ਮੰਡੀ ਸਿਸਟਮ ਅਤਿਆਧੁਨਿਕ ਬਣਾਇਆ ਜਾਵੇਗਾ, ਸੀ.ਸੀ.ਟੀ.ਵੀ. ਕੈਮਰੇ, ਚਾਰਦਿਵਾਰੀ ਬਣਾਕੇ ਗੇਟ ਲੱਗਣਗੇ ਤੇ ਹਰੇਕ ਗੇਟ ‘ਤੇ ਕੰਡਾ ਲੱਗਾਇਆ ਜਾਵੇਗਾ, ਜਿਸ ਨਾਲ ਚੋਰੀ ਰੁਕੇਗੀ ਤੇ ਮਾਰਕੀਟ ਫੀਸ ਵਧੇਗੀ। ਉਨ੍ਹਾਂ ਕਿਹਾ ਕਿ ਪਹਿਲਾਂ ਇਹ ਪ੍ਰਣਾਲੀ ਸਬਜ਼ੀ ਤੇ ਫ਼ਲ ਮੰਡੀਆਂ ਵਿੱਚ ਸ਼ੁਰੂ ਹੋਵੇਗੀ ਤੇ ਬਾਅਦ ਵਿੱਚ ਸਾਰੀਆਂ ਮੰਡੀਆਂ ਵਿੱਚ ਲਾਗੂ ਕੀਤਾ ਜਾਵੇਗਾ।
ਚੇਅਰਮੈਨ ਬਰਸਟ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਸ਼ਹੀਦ ਭਗਤ ਸਿੰਘ ਹਰਿਆਵਲ ਲਹਿਰ ਤਹਿਤ ਪੰਜਾਬ ਮੰਡੀ ਬੋਰਡ ਸੂਬੇ ਦੀਆਂ ਮੰਡੀਆ ਵਿੱਚ 50 ਹਜ਼ਾਰ ਬੂਟੇ ਲਗਾਏ ਜਾਣਗੇ ਅਤੇ ਇਨ੍ਹਾਂ ਦੀ ਸੰਭਾਂਲ ਲਈ ਆੜਤੀਆ ਐਸੋਸੀਏਸ਼ਨਾਂ ਤੇ ਐਨ.ਜੀ.ਓਜ ਦਾ ਸਹਿਯੋਗ ਲਿਆ ਜਾਵੇਗਾ। ਉਨ੍ਹਾਂ ਸਾਰਿਆਂ ਨੂੰ ਸੱਦਾ ਦਿੱਤਾ ਕਿ ਹਰ ਨਾਗਰਿਕ 5-5 ਬੂਟੇ ਲਗਾਵੇ ਅਤੇ ਇਨ੍ਹਾਂ ਦੀ ਸੰਭਾਂਲ ਵੀ ਕਰੇ।

ਪੱਤਰਕਾਰਾਂ ਵੱਲੋਂ ਪੁੱਛੇ ਇੱਕ ਸਵਾਲ ਦੇ ਜਵਾਬ ਵਿੱਚ ਬਰਸਟ ਨੇ ਕਿਹਾ ਕਿ ਮੋਹਾਲੀ ਵਿਖੇ 2014 ਵਿੱਚ 50 ਕਰੋੜ ਦੀ ਲਾਗਤ ਨਾਲ 12 ਏਕੜ ਵਿੱਚ ਅਤਿਆਧੁਨਿਕ ਮੰਡੀ ਬਣਾਈ ਗਈ ਸੀ ਪਰੰਤੂ ਪਿਛਲੇ ਨਿਜਾਮ ਦੀ ਅਣਗਹਿਲੀ ਕਰਕੇ ਉਸਨੂੰ ਵਰਤਿਆ ਨਹੀਂ ਜਾ ਸਕਿਆ ਅਤੇ ਮੰਡੀ ਬੋਰਡ ਦਾ ਕਰੋੜਾਂ ਰੁਪਏ ਦਾ ਨੁਕਸਾਨ ਹੋਇਆ, ਪਰੰਤੂ ਉਨ੍ਹਾਂ ਨੇ ਇਸ ਨੂੰ ਚਾਲੂ ਕਰਨ ਦਾ ਫੈਸਲਾ ਕੀਤਾ।

ਉਨ੍ਹਾਂ ਕਿਹਾ ਕਿ ਮੰਡੀਆਂ ਦੇ ਸ਼ੈਡਾਂ ਤੋਂ ਆਮਦਨ ਪੈਦਾ ਕਰਨ ਲਈ ਇਨ੍ਹਾਂ ਨੂੰ ਮੰਡੀਆਂ ਦੇ ਸੀਜਨ ਤੋਂ ਬਿਨ੍ਹਾਂ ਹੋਰ ਕਾਰਜਾਂ ਲਈ ਵਰਤਿਆ ਜਾਵੇਗਾ। ਆਫ਼ ਸੀਜਨ ‘ਚ ਇਨ੍ਹਾਂ ਸ਼ੈਡਾਂ ਨੂੰ ਖੇਡਾਂ ਨੂੰ ਪ੍ਰਫੁਲਤ ਕਰਨ ਲਈ ਇਨਡੋਰ ਸਟੇਡੀਅਮ ਵਜੋਂ ਵੀ ਵਰਤਿਆ ਜਾਵੇਗਾ। ਚੇਅਰਮੈਨ ਨੇ ਇਕ ਹੋਰ ਸਵਾਲ ਦੇ ਜਵਾਬ ‘ਚ ਆਖਿਆ ਕਿ ਹੜ੍ਹਾਂ ਨੇ ਇੱਕ ਮੋਟੇ ਅੰਦਾਜੇ ਮੁਤਾਬਕ ਸੂਬੇ ਦਾ 15000 ਕਰੋੜ ਰੁਪਏ ਦਾ ਨੁਕਸਾਨ ਕੀਤਾ ਹੈ ਅਤੇ ਮੰਡੀ ਬੋਰਡ ਦਾ ਬੁਨਿਆਦੀ ਢਾਂਚਾ ਤੇ ਸੜਕਾਂ ਵੀ ਨੁਕਸਾਨੀਆਂ ਗਈਆਂ ਹਨ, ਜਿਨ੍ਹਾਂ ਦੀ ਮੁਰੰਮਤ ਕਰਵਾਈ ਜਾ ਰਹੀ ਹੈ।

ਇਸ ਦੌਰਾਨ ਇੰਜੀਨੀਅਰ ਇੰਨ ਚੀਫ਼ ਗੁਰਦੀਪ ਸਿੰਘ, ਜ਼ਿਲ੍ਹਾ ਮੰਡੀ ਅਫ਼ਸਰ ਅਜੇਪਾਲ ਸਿੰਘ, ਸਕੱਤਰ ਪਰਮਪਾਲ ਸਿੰਘ, ਲੇਖਾਕਾਰ ਰੁਪਿੰਦਰ ਸਿੰਘ ਟਿਵਾਣਾ, ਬਲਾਕ ਦਿਹਾਤੀ ਪ੍ਰਧਾਨ ਅਮਰਜੀਤ ਸਿੰਘ, ਹਰਿੰਦਰ ਸਿੰਘ ਧਭਲਾਨ, ਆੜਤੀਆ ਐਸੋਸੀਏਸ਼ਨ ਦੇ ਸੂਬਾ ਜਨਰਲ ਸਕੱਤਰ ਜਸਵਿੰਦਰ ਸਿੰਘ ਰਾਣਾ, ਪ੍ਰਧਾਨ ਪਟਿਆਲਾ ਨਵੀਂ ਅਨਾਜ ਮੰਡੀ ਸਤਵਿੰਦਰ ਸਿੰਘ ਸੈਣੀ, ਚੇਅਰਮੈਨ ਚਰਨਦਾਸ ਗੋਇਲ, ਨਰੇਸ਼ ਮਿੱਤਲ, ਪਰਦੁਮਨ ਰਾਏ ਗੁਪਤਾ, ਗੁਰਿੰਦਰ ਕੁਮਾਰ, ਨਰੇਸ਼ ਗੋਇਲ, ਗੋਪੀ ਸਿੱਧੂ, ਗੁਲਸ਼ਨ ਲੌਟ, ਦਵਿੰਦਰ ਕੁਮਾਰ ਬੱਗਾ, ਰਤਨ ਲਾਲ, ਅਸ਼ੋਕ ਕੁਮਾਰ ਮੋਦੀ, ਰਕੇਸ਼ ਭਾਨਰਾ ਦਰਬਾਰਾ ਸਿੰਘ, ਹਰਦੇਵ ਸਿੰਘ ਸਰਪੰਚ, ਮਹੇਸ਼ ਗੋਇਲ, ਸੁਰੇਸ਼ ਕੁਮਾਰ ਡਕਾਲਾ, ਸਨਜੀਵਨ ਕੁਮਾਰ, ਅਸ਼ੋਕ ਕੁਮਾਰ, ਕੁਲਦੀਪ ਕੌਰਜੀਵਾਲ, ਵਿਜੇ ਕੁਮਾਰ ਆਲੋਵਾਲ, ਸੁਰਮੁੱਖ ਸਿੰਘ, ਰਣਧੀਰ ਸਿੰਘ ਨਲੀਨੀ, ਸਮਾਣਾ ਵਿਖੇ ਅਸ਼ਵਨੀ ਕੁਮਾਰ, ਆੜਤੀ ਐਸੋਸੀਏਸ਼ਨ ਸਮਾਣਾ ਪ੍ਰਧਾਨ ਸੰਦੀਪ ਗਰਗ ਸੰਜੂ, ਸਬਜੀ ਮੰਡੀ ਪ੍ਰਧਾਨ ਸਤਨਾਮ ਸਿੰਘ ਚੀਮਾ, ਸ਼ਾਮ ਲਾਲ, ਡਾ. ਸੁਰਜੀਤ ਸਿੰਘ, ਗੁਰਮੀਤ ਸਿੰਘ ਦੋਦੜਾ, ਪਰਵੀਨ ਅਰੋੜਾ, ਬਲਕਾਰ ਡਕਾਲਾ, ਗੁਰਮੇਲ ਸਿੰਘ, ਬੱਬਲਾ ਸਰਪੰਚ ਕਾਹਨਗੜ੍ਹ ਸਮੇਤ ਹੋਰ ਪਤਵੰਤੇ ਵੀ ਮੌਜੂਦ ਸਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਨਸ਼ੇ ਦੀ ਓਵਰਡੋਜ਼ ਨਾਲ ਮੌ+ਤ ਦਾ ਮਾਮਲਾ: 2 ਗ੍ਰਿਫਤਾਰ, ਮੁਲਜ਼ਮ ਗਾਇਕਾ ਨਿੱਕਲੀ ਨਸ਼ਾ ਤਸਕਰ

ਸਿੱਖਿਆ ਵਿਭਾਗ ਪੰਜਾਬ ਨੇ ਸਮੂਹ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਦਿੱਤੇ ਸਖ਼ਤ ਨਿਰਦੇਸ਼, ਪੜ੍ਹੋ ਵੇਰਵਾ