- ਵਿੰਡੀਜ਼ 5 ਮੈਚਾਂ ਦੀ ਸੀਰੀਜ਼ ‘ਚ 1-0 ਨਾਲ ਹੋਈ ਅੱਗੇ
ਨਵੀਂ ਦਿੱਲੀ, 4 ਅਗਸਤ 2023 – ਆਈਪੀਐੱਲ ਦੇ ਸਿਤਾਰਿਆਂ ਨਾਲ ਸਜੀ ਭਾਰਤੀ ਟੀਮ ਵੀਰਵਾਰ ਰਾਤ 150 ਦੌੜਾਂ ਦੇ ਆਸਾਨ ਟੀਚੇ ਦਾ ਪਿੱਛਾ ਕਰਨ ‘ਚ ਨਾਕਾਮ ਰਹੀ। 200ਵਾਂ ਟੀ-20 ਖੇਡ ਰਹੀ ਵੈਸਟਇੰਡੀਜ਼ ਨੇ ਸੀਰੀਜ਼ ਦੇ ਪਹਿਲੇ ਮੈਚ ‘ਚ ਭਾਰਤੀ ਟੀਮ ਨੂੰ 4 ਦੌੜਾਂ ਨਾਲ ਹਰਾ ਦਿੱਤਾ ਹੈ। ਟੀਮ ਆਖਰੀ 30 ਗੇਂਦਾਂ ‘ਤੇ 37 ਦੌੜਾਂ ਨਹੀਂ ਬਣਾ ਸਕੀ। ਇਸ ਹਾਰ ਤੋਂ ਬਾਅਦ ਹਾਰਦਿਕ ਪੰਡਯਾ ਦੀ ਅਗਵਾਈ ਵਾਲੀ ਟੀਮ 5 ਮੈਚਾਂ ਦੀ ਸੀਰੀਜ਼ ‘ਚ 1-0 ਨਾਲ ਪਿੱਛੇ ਹੋ ਗਈ ਹੈ। ਸੀਰੀਜ਼ ਦਾ ਅਗਲਾ ਮੈਚ 6 ਅਗਸਤ ਨੂੰ ਗੁਆਨਾ ਦੇ ਪ੍ਰੋਵਿਡੈਂਸ ਸਟੇਡੀਅਮ ‘ਚ ਖੇਡਿਆ ਜਾਵੇਗਾ।
ਪੋਰਟ ਆਫ ਸਪੇਨ ‘ਚ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਵੈਸਟਇੰਡੀਜ਼ ਨੇ 20 ਓਵਰਾਂ ‘ਚ 6 ਵਿਕਟਾਂ ‘ਤੇ 149 ਦੌੜਾਂ ਬਣਾਈਆਂ। ਜਵਾਬ ‘ਚ ਟੀਮ ਇੰਡੀਆ 8 ਵਿਕਟਾਂ ‘ਤੇ 145 ਦੌੜਾਂ ਹੀ ਬਣਾ ਸਕੀ। ਤੇਜ਼ ਗੇਂਦਬਾਜ਼ ਜੇਸਨ ਹੋਲਡਰ ਪਲੇਅਰ ਆਫ ਦਿ ਮੈਚ ਰਿਹਾ। ਉਸ ਨੇ 19 ਦੌੜਾਂ ਦੇ ਕੇ 2 ਵਿਕਟਾਂ ਲਈਆਂ।
ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਉਤਰੀ ਵੈਸਟਇੰਡੀਜ਼ ਦੀ ਸ਼ੁਰੂਆਤ ਚੰਗੀ ਨਹੀਂ ਰਹੀ। ਟੀਮ ਨੇ 58 ਦੌੜਾਂ ‘ਤੇ ਤਿੰਨ ਵਿਕਟਾਂ ਗੁਆ ਦਿੱਤੀਆਂ ਸਨ। ਇਸ ਤੋਂ ਬਾਅਦ ਨਿਕੋਲਸ ਪੂਰਨ ਨੇ 41 ਅਤੇ ਕਪਤਾਨ ਰੋਵਮੈਨ ਪਾਵੇਲ ਨੇ 48 ਦੌੜਾਂ ਬਣਾ ਕੇ ਸਕੋਰ ਨੂੰ 100 ਤੱਕ ਪਹੁੰਚਾਇਆ। ਸਲਾਮੀ ਬੱਲੇਬਾਜ਼ ਬ੍ਰੈਂਡਨ ਕਿੰਗ ਨੇ 28 ਦੌੜਾਂ ਦਾ ਯੋਗਦਾਨ ਦਿੱਤਾ। ਭਾਰਤੀ ਟੀਮ ਵੱਲੋਂ ਯੁਜਵੇਂਦਰ ਚਾਹਲ ਅਤੇ ਅਰਸ਼ਦੀਪ ਸਿੰਘ ਨੇ 2-2 ਵਿਕਟਾਂ ਲਈਆਂ।
ਆਈਪੀਐਲ ਦੇ ਸਟਾਰ ਬੱਲੇਬਾਜ਼ਾਂ ਨਾਲ ਸਜੀ ਭਾਰਤੀ ਟੀਮ 150 ਦੌੜਾਂ ਦੇ ਟੀਚੇ ਦਾ ਪਿੱਛਾ ਵੀ ਨਹੀਂ ਕਰ ਸਕੀ। ਪੰਡਯਾ ਦੀ ਕਪਤਾਨੀ ‘ਚ ਪਹਿਲੀ ਵਾਰ ਟੀਮ ਅਜਿਹਾ ਕਰਨ ‘ਚ ਅਸਫਲ ਰਹੀ। ਆਈ.ਪੀ.ਐੱਲ. ਦੇ ਪਿਛਲੇ ਸੀਜ਼ਨ ‘ਚ ਧਮਾਕੇਦਾਰ ਬੱਲੇਬਾਜ਼ੀ ਕਰਨ ਵਾਲੇ ਸ਼ੁਭਮਨ ਗਿੱਲ ਅਤੇ ਈਸ਼ਾਨ ਕਿਸ਼ਨ ਟੀਮ ਨੂੰ ਚੰਗੀ ਸ਼ੁਰੂਆਤ ਨਹੀਂ ਦੇ ਸਕੇ ਅਤੇ ਟੀਮ ਨੇ 28 ਦੌੜਾਂ ‘ਤੇ ਦੋਵਾਂ ਦੀਆਂ ਵਿਕਟਾਂ ਗੁਆ ਦਿੱਤੀਆਂ। ਮੱਧ ਵਿੱਚ, ਸੂਰਿਆਕੁਮਾਰ ਯਾਦਵ ਅਤੇ ਤਿਲਕ ਵਰਮਾ ਨੇ ਚੰਗੇ ਸ਼ਾਟ ਖੇਡੇ, ਪਰ ਸੰਜੂ ਸੈਮਸਨ, ਕਪਤਾਨ ਹਾਰਦਿਕ ਪੰਡਯਾ ਅਤੇ ਅਕਸ਼ਰ ਪਟੇਲ ਦੀ ਤਜਰਬੇਕਾਰ ਤਿਕੜੀ ਜ਼ਿੰਮੇਵਾਰੀ ਸੰਭਾਲਣ ਵਿੱਚ ਅਸਫਲ ਰਹੀ।
150 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਭਾਰਤੀ ਟੀਮ ਲਈ ਡੈਬਿਊ ਮੈਚ ਖੇਡ ਰਹੇ ਤਿਲਕ ਵਰਮਾ ਨੇ 22 ਗੇਂਦਾਂ ‘ਤੇ 39 ਦੌੜਾਂ ਬਣਾਈਆਂ। ਉਹ ਟੀਮ ਦਾ ਸਭ ਤੋਂ ਵੱਧ ਸਕੋਰਰ ਰਿਹਾ। ਸੂਰਿਆਕੁਮਾਰ ਯਾਦਵ ਨੇ 21 ਦੌੜਾਂ ਦਾ ਯੋਗਦਾਨ ਪਾਇਆ। ਓਬੇਡ ਮੈਕਕੋਏ, ਜੇਸਨ ਹੋਲਡਰ ਅਤੇ ਰੋਮਾਰੀਓ ਸ਼ੈਫਰਡ ਨੇ 2-2 ਵਿਕਟਾਂ ਹਾਸਲ ਕੀਤੀਆਂ। ਅਕੀਲ ਹੁਸੈਨ ਨੂੰ ਇੱਕ ਵਿਕਟ ਮਿਲੀ।