ਚੰਡੀਗੜ੍ਹ, 4 ਅਗਸਤ 2023 – ਯੂਕੇ ਦੇ ਮੈਂਬਰ ਪਾਰਲੀਮੈਂਟ ਤਨਮਨਜੀਤ ਸਿੰਘ ਢੇਸੀ ਨੂੰ ਵੀਰਵਾਰ ਨੂੰ ਅੰਮ੍ਰਿਤਸਰ ਦੇ ਏਅਰਪੋਰਟ ਤੇ ਦੋ ਘੰਟੇ ਲਈ ਰੋਕਿਆ ਗਿਆ ਸੀ। ਜਿਸ ਤੋਂ ਬਾਅਦ ਉਨ੍ਹਾਂ ਦਾ ਵੱਡਾ ਬਿਆਨ ਸਹਿਮੇ ਆਇਆ ਹੈ। ਉਨ੍ਹਾਂ ਕਿਹਾ ਕਿ ਮੈਨੂੰ ਅੰਮ੍ਰਿਤਸਰ ਏਅਰਪੋਰਟ ‘ਤੇ 2 ਘੰਟੇ ਤੋਂ ਵੱਧ ਸਮੇਂ OCI ਵੀਜ਼ਾ ਸਸਪੈਂਡ ਦੇ ਬਹਾਨੇ ਰੋਕਿਆ ਗਿਆ। ਇਨ੍ਹਾਂ ਨੇ ਖਦਸ਼ਾ ਜ਼ਾਹਰ ਕੀਤਾ ਕੇ ਉਨ੍ਹਾਂ ਨਾਲ ਇਹ ਵਿਵਹਾਰ ਕਿਸਾਨ ਅੰਦੋਲਨ ਦੌਰਾਨ ਕਿਸਾਨਾਂ ਦੇ ਹੱਕ ‘ਚ ਬੋਲਣ ਕਾਰਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਕਿਸਾਨਾਂ ਤੇ ਸਿੱਖਾਂ ਨਾਲ ਖੜਣ ਦੀ ਇਹ ਕੀਮਤ ਅਦਾ ਕਰਨੀ ਪਈ ਹੈ।

ਬ੍ਰਿਟਿਸ਼ MP ਢੇਸੀ ਨੇ ਫੇਸਬੁੱਕ ‘ਤੇ ਲਿਖਿਆ, “ਪਿਛਲੇ ਸਾਲ ਭਾਰਤ ਆਉਣ ‘ਤੇ ਮੈਨੂੰ ਕਿਸਾਨ ਅੰਦੋਲਨ ਦੌਰਾਨ ਮਨੁੱਖੀ ਅਧਿਕਾਰਾਂ ਲਈ ਜ਼ੋਰਦਾਰ ਢੰਗ ਨਾਲ ਬੋਲਣ ਦੀ ਮਾਨਤਾ ਵਜੋਂ ਬਹੁਤ ਸਾਰੀਆਂ ਭਾਰਤੀ ਕਿਸਾਨ ਯੂਨੀਅਨਾਂ ਅਤੇ ਸਿਵਲ ਸੁਸਾਇਟੀਆਂ ਤੋਂ ਬਹੁਤ ਪਿਆਰ ਅਤੇ ਸਤਿਕਾਰ ਮਿਲਿਆ ਸੀ। ਪਰ ਅੱਜ ਅੰਮ੍ਰਿਤਸਰ ਹਵਾਈ ਅੱਡੇ ‘ਤੇ 2 ਘੰਟਿਆਂ ਤੋਂ ਵੱਧ ਸਮੇਂ ਲਈ ਰੋਕ ਕੇ ਬੇਇੱਜ਼ਤ ਕੀਤਾ ਗਿਆ, ਕਿਉਂਕਿ ਕੁਝ ਨਫ਼ਰਤ ਕਰਨ ਵਾਲਿਆਂ ਨੇ ਮੇਰਾ ਵੈਧ OCI ਵੀਜ਼ਾ ਮੁਅੱਤਲ ਕਰਨ ਦੀ ਸ਼ਿਕਾਇਤ ਕੀਤੀ ਸੀ। ਅਫਵਾਹਾਂ ਦੇ ਬਾਵਜੂਦ ਪਰਿਵਾਰ, ਦੋਸਤਾਂ ਅਤੇ ਸਮਰਥਕਾਂ ਦੀ ਦਖਲਅੰਦਾਜ਼ੀ ਕਾਰਨ ਉੱਥੇ ਦੇ ਅਧਿਕਾਰੀਆਂ ਨਾਲ ਇਹ ਮੁੱਦਾ ਪੂਰੀ ਤਰ੍ਹਾਂ ਹੱਲ ਹੋ ਗਿਆ। ਇੱਥੋਂ ਤੱਕ ਕਿ ਇੱਕ ਸੰਸਦ ਮੈਂਬਰ ਲਈ ਜੋ ਪੰਜਾਬ, ਭਾਰਤ ਅਤੇ ਵਿਆਪਕ ਉਪ-ਮਹਾਂਦੀਪ ਦੀ ਬਿਹਤਰੀ ਲਈ ਇੱਛਾਵਾਂ ਅਤੇ ਲਗਾਤਾਰ ਕੰਮ ਕਰ ਰਿਹਾ ਹੈ,ਮੇਰਾ ਅੰਦਾਜ਼ਾ ਹੈ ਕਿ ਇਹ ਕਿਸਾਨਾਂ, ਹਾਸ਼ੀਏ ‘ਤੇ ਪਏ ਲੋਕਾਂ ਅਤੇ ਸਿੱਖਾਂ ਵਰਗੇ ਘੱਟ ਗਿਣਤੀਆਂ ਨਾਲ ਇੱਕਜੁੱਟ ਹੋ ਕੇ ਖੜੇ ਹੋਣ ਦੀ ਇਹ ਕੀਮਤ ਚੁਕਾਉਣੀ ਪਈ ਹੈ।”
ਦੱਸ ਦਈਏ ਕਿ ਅੰਮ੍ਰਿਤਸਰ ਇੰਟਰਨੈਸ਼ਨਲ ਏਅਰਪੋਰਟ ‘ਤੇ ਯੂ.ਕੇ ਤੋਂ ਆਏ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੂੰ ਇਮੀਗ੍ਰੇਸ਼ਨ ਵਿਭਾਗ ਨੇ ਰੋਕ ਲਿਆ। ਉਹ ਬਰਮਿੰਘਮ ਤੋਂ ਏਅਰ ਇੰਡੀਆ ਦੀ ਫਲਾਈਟ ਨੰਬਰ AI-118 ਰਾਹੀਂ ਅੰਮ੍ਰਿਤਸਰ ਪੁੱਜੇ ਸਨ। ਜਦੋਂ ਉਨ੍ਹਾਂ ਨੇ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਚੈੱਕ-ਆਊਟ ਕੀਤਾ ਤਾਂ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਉਨ੍ਹਾਂ ਨੂੰ ਰੋਕ ਲਿਆ। ਇਸ ਤੋਂ ਬਾਅਦ ‘ਚ ਦਸਤਾਵੇਜ਼ ਮੰਗਵਾਏ ਜਾਣ ‘ਤੇ ਉਨ੍ਹਾਂ ਨੂੰ ਜਾਣ ਦੀ ਇਜਾਜ਼ਤ ਦਿੱਤੀ ਗਈ ਸੀ। ਢੇਸੀ ਯੂਕੇ ਦੇ ਸੰਸਦ ਮੈਂਬਰ ਵਜੋਂ ਪਹਿਲੇ ਦਸਤਾਰਧਾਰੀ ਸਿੱਖ ਹਨ।

