- ਹਾਈਕੋਰਟ ਨੇ ਕੀਤੀ ਜ਼ਮਾਨਤ ਮਨਜ਼ੂਰ,
- ਆਮਦਨ ਤੋਂ ਵੱਧ ਜਾਇਦਾਦ ਮਾਮਲੇ ‘ਚ ਮਿਲੀ ਹੈ ਰਾਹਤ,
- ਫਰੀਦਕੋਟ ਦਾ ਸਾਬਕਾ ਵਿਧਾਇਕ ਨਾਭਾ ਜੇਲ੍ਹ ਵਿੱਚ ਬੰਦ ਹੈ,
- ਅੱਜ ਸ਼ਨੀਵਾਰ ਸ਼ਾਮ ਤੱਕ ਨਾਭਾ ਜੇਲ੍ਹ ਤੋਂ ਮਿਲ ਸਕਦੀ ਹੈ ਰਿਹਾਈ
ਫਰੀਦਕੋਟ, 5 ਅਗਸਤ 2023 – ਪੰਜਾਬ ਹਰਿਆਣਾ ਹਾਈ ਕੋਰਟ ਨੇ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਨਾਭਾ ਜੇਲ੍ਹ ਵਿੱਚ ਬੰਦ ਪੰਜਾਬ ਕਾਂਗਰਸ ਦੇ ਮੀਤ ਪ੍ਰਧਾਨ ਅਤੇ ਫਰੀਦਕੋਟ ਤੋਂ ਸਾਬਕਾ ਵਿਧਾਇਕ ਕਿੱਕੀ ਸਿੰਘ ਢਿੱਲੋਂ ਨੂੰ ਜ਼ਮਾਨਤ ਦੇ ਦਿੱਤੀ ਹੈ। ਉਹ ਅੱਜ ਸ਼ਨੀਵਾਰ ਸ਼ਾਮ ਤੱਕ ਨਾਭਾ ਜੇਲ੍ਹ ਤੋਂ ਰਿਹਾਅ ਹੋ ਕੇ ਫਰੀਦਕੋਟ ਸਥਿਤ ਆਪਣੇ ਘਰ ਪਹੁੰਚ ਸਕਦੇ ਹਨ।
ਫਰੀਦਕੋਟ ਅਦਾਲਤ ਦੇ ਸੀਨੀਅਰ ਵਕੀਲ ਜਸਵੰਤ ਜਸ ਨੇ ਦੱਸਿਆ ਕਿ ਜ਼ਮਾਨਤ ਲਈ ਅਦਾਲਤ ਵਿੱਚ ਲੰਮੀ ਬਹਿਸ ਹੋਈ। ਇਸ ‘ਤੇ ਪਹਿਲਾਂ 27 ਜੁਲਾਈ ਅਤੇ ਫਿਰ 2, 3 ਅਤੇ 4 ਅਗਸਤ ਨੂੰ ਸੁਣਵਾਈ ਤੋਂ ਬਾਅਦ ਕਿੱਕੀ ਢਿੱਲੋਂ ਦੀ ਜ਼ਮਾਨਤ ਮਨਜ਼ੂਰ ਕਰ ਲਈ ਗਈ ਹੈ।
ਦੱਸ ਦੇਈਏ ਕਿ ਵਿਜੀਲੈਂਸ ਨੇ 16 ਮਈ ਨੂੰ ਕਿੱਕੀ ਢਿੱਲੋਂ ਨੂੰ ਆਮਦਨ ਤੋਂ ਵੱਧ ਜਾਇਦਾਦ ਮਾਮਲੇ ਵਿੱਚ ਪੁੱਛਗਿੱਛ ਲਈ ਬੁਲਾਇਆ ਸੀ। ਉਥੋਂ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਢਿੱਲੋਂ ‘ਤੇ ਵਿਜੀਲੈਂਸ ਨੇ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦਾ ਮਾਮਲਾ ਦਰਜ ਕੀਤਾ ਸੀ। ਢਿੱਲੋਂ ਦੀ ਜ਼ਮਾਨਤ ਅਰਜ਼ੀ ਇਸ ਤੋਂ ਪਹਿਲਾਂ ਫਰੀਦਕੋਟ ਅਦਾਲਤ ਨੇ ਖਾਰਜ ਕਰ ਦਿੱਤੀ ਸੀ। ਵਿਜੀਲੈਂਸ ਨੇ ਅਦਾਲਤ ਵਿੱਚ ਚਲਾਨ ਪੇਸ਼ ਕੀਤਾ ਤਾਂ ਢਿੱਲੋਂ ਦੇ ਵਕੀਲ ਨੇ ਹਾਈ ਕੋਰਟ ਵਿੱਚ ਜ਼ਮਾਨਤ ਦੀ ਅਰਜ਼ੀ ਦਾਇਰ ਕੀਤੀ।
ਕਿੱਕੀ ਢਿੱਲੋਂ ਦਾ ਪਰਿਵਾਰ ਪਿਛਲੇ 5 ਦਹਾਕਿਆਂ ਤੋਂ ਫਰੀਦਕੋਟ ਦੀ ਰਾਜਨੀਤੀ ਵਿੱਚ ਸਰਗਰਮ ਹੈ। ਉਨ੍ਹਾਂ ਦੇ ਪਿਤਾ ਜਸਮੰਤ ਸਿੰਘ ਢਿੱਲੋਂ ਅਤੇ ਮਾਤਾ ਜਗਦੀਸ਼ ਕੌਰ ਢਿੱਲੋਂ ਵੀ ਫ਼ਰੀਦਕੋਟ ਵਿਧਾਨ ਸਭਾ ਹਲਕੇ ਦੀ ਨੁਮਾਇੰਦਗੀ ਕਰ ਚੁੱਕੇ ਹਨ। ਉਸ ਦੇ ਮਾਤਾ-ਪਿਤਾ ਟਕਸਾਲੀ ਅਕਾਲੀ ਰਹੇ ਹਨ।
ਸੁਖਬੀਰ ਸਿੰਘ ਬਾਦਲ ਨਾਲ ਤਕਰਾਰ ਤੋਂ ਬਾਅਦ ਕਿਕੀ ਢਿੱਲੋਂ ਨੇ ਮਨਪ੍ਰੀਤ ਬਾਦਲ ਨਾਲ ਹੱਥ ਮਿਲਾਇਆ ਸੀ। ਫਿਰ ਕਾਂਗਰਸ ਵਿਚ ਸ਼ਾਮਲ ਹੋ ਗਏ। ਉਹ 2017 ‘ਚ ਕਾਂਗਰਸ ਦੀ ਟਿਕਟ ‘ਤੇ ਦੂਜੀ ਵਾਰ ਵਿਧਾਇਕ ਚੁਣੇ ਗਏ ਸਨ।