ਬਠਿੰਡਾ, 5 ਅਗਸਤ 2023 – ਪੰਜਾਬ ਦੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀਆਂ ਮੁਸ਼ਕਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ। ਹੁਣ ਉਸ ਦੇ ਕਰੀਬੀ ਵੀ ਬਠਿੰਡਾ ਵਿਜੀਲੈਂਸ ਦੇ ਰਾਡਾਰ ‘ਤੇ ਹਨ। ਵਿਜੀਲੈਂਸ ਨੇ ਬਾਦਲ ਦੇ ਸਾਬਕਾ ਗੰਨਮੈਨ ਦੀ ਜਾਇਦਾਦ ਦਾ ਰਿਕਾਰਡ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ ਹੈ।
ਵਿਜੀਲੈਂਸ ਨੇ 12 ਸਾਲ ਪੁਰਾਣੇ ਗੰਨਮੈਨ ਦੀ ਵਪਾਰਕ, ਰਿਹਾਇਸ਼ੀ ਅਤੇ ਖੇਤੀਬਾੜੀ ਜਾਇਦਾਦ ਦੇ ਰਿਕਾਰਡ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਬਠਿੰਡਾ ਰੇਂਜ ਜਾਂਚ ਬਹੁਤ ਤੇਜ਼ੀ ਨਾਲ ਕਰ ਰਹੀ ਹੈ। ਇਨ੍ਹਾਂ ਵਿੱਚੋਂ ਇੱਕ ਜਾਂਚ ਸਾਬਕਾ ਵਿੱਤ ਮੰਤਰੀ ਬਾਦਲ ਵੱਲੋਂ ਅਰਬਨ ਅਸਟੇਟ ਬਠਿੰਡਾ ਵਿੱਚ ਖਰੀਦੇ ਗਏ ਦੋ ਰਿਹਾਇਸ਼ੀ ਪਲਾਟਾਂ ਨਾਲ ਸਬੰਧਤ ਹੈ। ਵਿਜੀਲੈਂਸ ਨੂੰ ਇਨ੍ਹਾਂ ਪਲਾਟਾਂ ਦੀ ਵਿਕਰੀ ਅਤੇ ਖਰੀਦ ਦਾ ਸ਼ੱਕ ਹੈ।
ਵਿਕਾਸ ਅਥਾਰਟੀ, ਬਠਿੰਡਾ (ਬੀਡੀਏ) ਨੇ ਸਾਲ 2018 ਵਿੱਚ ਨਕਸ਼ਾ ਅਪਲੋਡ ਕੀਤੇ ਬਿਨਾਂ ਪੰਜ ਪਲਾਟਾਂ ਦੀ ਬੋਲੀ ਕੀਤੀ ਸੀ। ਪਰ ਕਿਸੇ ਨੇ ਵੀ ਬੋਲੀ ਦੀ ਪ੍ਰਕਿਰਿਆ ਵਿੱਚ ਹਿੱਸਾ ਨਹੀਂ ਲਿਆ। ਇਸ ਕਾਰਨ ਤਿੰਨ ਪਲਾਟਾਂ ਦੀ ਆਨਲਾਈਨ ਬੋਲੀ 17 ਸਤੰਬਰ 2021 ਨੂੰ ਦੁਬਾਰਾ ਖੋਲ੍ਹੀ ਗਈ, ਜੋ ਕਿ 27 ਸਤੰਬਰ ਨੂੰ ਹੋਣੀ ਸੀ। ਉਕਤ ਦੋ ਰਿਹਾਇਸ਼ੀ ਪਲਾਟਾਂ ਦਾ ਰਕਬਾ ਇੱਕ ਹਜ਼ਾਰ ਗਜ਼ ਅਤੇ 500 ਗਜ਼ ਸੀ।
ਰਿਹਾਇਸ਼ੀ ਪਲਾਟ ਦੀ ਆਨਲਾਈਨ ਬੋਲੀ ਵਿੱਚ 3 ਵਿਅਕਤੀਆਂ ਰਾਜੀਵ ਕੁਮਾਰ, ਵਿਕਾਸ ਕੁਮਾਰ ਅਤੇ ਅਮਨਦੀਪ ਨੇ ਹਿੱਸਾ ਲਿਆ। ਵਿਜੀਲੈਂਸ ਅਨੁਸਾਰ ਪਲਾਟਾਂ ਦੀ ਬੋਲੀ ਵਿੱਚ ਹਿੱਸਾ ਲੈਣ ਵਾਲਾ ਅਮਨਦੀਪ ਸ਼ਰਾਬ ਦੇ ਠੇਕੇ ’ਤੇ ਕੰਮ ਕਰਦਾ ਹੈ। ਇਸ ਦੇ ਨਾਲ ਹੀ ਵਿਜੀਲੈਂਸ ਨੇ ਬੀਡੀਏ ਦੇ ਸਰਵਰ ਦਾ ਆਈਪੀ ਐਡਰੈੱਸ ਚੈੱਕ ਕੀਤਾ ਤਾਂ ਪਤਾ ਲੱਗਾ ਕਿ ਤਿੰਨੋਂ ਬੋਲੀਕਾਰਾਂ ਨੇ ਇੱਕੋ ਕੰਪਿਊਟਰ ਤੋਂ ਬੋਲੀ ਲਗਾਈ ਸੀ।
ਵਿਜੀਲੈਂਸ ਅਨੁਸਾਰ ਇਹ ਬੋਲੀ ਪੂਲ ਸਿਸਟਮ ਤਹਿਤ ਦਿੱਤੀ ਗਈ ਸੀ। ਬੋਲੀ ‘ਤੇ ਪਲਾਟ ਮਿਲਣ ਤੋਂ ਬਾਅਦ ਰਾਜੀਵ ਕੁਮਾਰ ਅਤੇ ਵਿਕਾਸ ਕੁਮਾਰ ਨੇ 30 ਸਤੰਬਰ ਨੂੰ ਦੋਵੇਂ ਪਲਾਟ ਵੇਚਣ ਲਈ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਨਾਲ ਸਮਝੌਤਾ ਕੀਤਾ। ਇਨ੍ਹਾਂ ਦੇ ਬਦਲੇ ਬਾਦਲ ਨੇ ਦੋਵਾਂ ਦੇ ਬੈਂਕ ਖਾਤਿਆਂ ਵਿਚ ਕਰੀਬ ਇਕ ਕਰੋੜ ਰੁਪਏ ਦੀ ਰਕਮ ਅਦਾ ਕੀਤੀ। ਵਿਜੀਲੈਂਸ ਜਾਂਚ ਟੀਮ ਦੇ ਅਨੁਸਾਰ, ਰਾਜੀਵ ਅਤੇ ਵਿਕਾਸ ਨੇ 5 ਅਕਤੂਬਰ 2021 ਨੂੰ ਬੀਡੀਏ ਕੋਲ ਪਹਿਲੀ ਕਿਸ਼ਤ ਵਜੋਂ 25 ਪ੍ਰਤੀਸ਼ਤ ਰਕਮ ਜਮ੍ਹਾਂ ਕਰਵਾਈ ਸੀ।