- 30 ਤੋਂ 35 ਹਜ਼ਾਰ ਦੇ ਕਰੀਬ ਚੜ੍ਹਾਵਾ ਲੁੱਟਿਆ
ਤਰਨਤਾਰਨ, 6 ਅਗਸਤ 2023 – ਜ਼ਿਲ੍ਹਾ ਤਰਨਤਾਰਨ ਦੇ ਥਾਣਾ ਗੋਇੰਦਵਾਲ ਤੋਂ ਮਹਿਜ 200 ਮੀਟਰ ਦੂਰੀ ਤੇ ਸਥਿਤ ਬਾਬਾ ਸ਼ਾਹ ਹੁਸੈਨ ਜੀ ਦੇ ਅਸਥਾਨ ‘ਤੇ ਚੋਰਾਂ ਵੱਲੋ ਗੋਲਕ ਤੋੜ ਕੇ 30 ਤੋਂ 35 ਹਜ਼ਾਰ ਰੁਪਏ ਦਾ ਸੰਗਤਾਂ ਵਲੋਂ ਚੜ੍ਹਾਇਆ ਚੜ੍ਹਾਵਾ ਲੁੱਟ ਲਿਆ ਗਿਆ। ਇਸ ਘਟਨਾ ਦਾ ਪਤਾ ਉਸ ਵੇਲੇ ਲੱਗਾ ਕਮੇਟੀ ਮੈਂਬਰ ਹਫਤਾਵਾਰ ਗੋਲਕ ਦੀ ਗਿਣਤੀ ਕਰਨ ਗੁਰਦੁਆਰੇ ਸਾਹਿਬ ਪੁੱਜੇ।
ਚੋਰਾਂ ਵੱਲੋਂ ਬੇਖੌਫ ਹੋ ਕੇ ਇਸ ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ ਗਿਆ। ਜਦਕਿ ਸਾਰੀ ਘਟਨਾ ਉੱਥੇ ਲੱਗੇ ਸੀਸੀਟੀਵੀ ਕੈਮਰਿਆ ਚ ਕੈਦ ਹੋ ਗਈ। ਮੂੰਹ ਢੱਕੇ ਲੁਟੇਰੇ ਵੱਲੋਂ ਗੋਲਕ ਤੋੜਣ ਲਈ ਕਰੀਬ ਤਿੰਨ ਘੰਟਿਆਂ ਦਾ ਸਮਾਂ ਲਗਾਉਂਦੇ ਹੋਏ ਬੇਖੌਫ ਹੋ ਕੇ ਗੋਲਕ ਦੇ ਪੈਸਿਆ ਦੀ ਲੁੱਟ ਕੀਤੀ ਗਈ। ਇਸ ਦੌਰਾਨ ਗੁਰਦੁਆਰਾ ਸਾਹਿਬ ਦੇ ਚੌਂਕੀਦਾਰ ਦਾ ਕਹਿਣਾ ਸੀ ਕਿ ਉਹ ਠੀਕ ਨਾ ਹੋਣ ਕਾਰਨ ਦਵਾਈ ਖਾ ਕੇ ਗੂੜੀ ਨੀਂਦ ਵਿਚ ਸੀ ਜਿਸ ਕਾਰਨ ਉਸ ਨੂੰ ਗੋਲਕ ਤੋੜਣ ਦੀ ਆਵਾਜ਼ ਸੁਣਾਈ ਨਹੀ ਦਿੱਤੀ।
ਜ਼ਿਕਰਯੋਗ ਹੈ ਕਿ ਥਾਣਾ ਗੋਇੰਦਵਾਲ ਸਾਹਿਬ ਦੇ ਬਿਲਕੁਲ ਨਜ਼ਦੀਕ ਅਨੇਕਾਂ ਅਪਰਾਧਿਕ ਘਟਨਾਵਾਂ ਵਾਪਰਨ ਦੇ ਬਾਵਜੂਦ ਪੁਲੀਸ ਪ੍ਰਸ਼ਾਸਨ ਮੂਕ ਦਰਸ਼ਕ ਬਣਿਆ ਦਿਖਾਈ ਦੇ ਰਿਹਾ ਹੈ। ਜਿਸ ਦੇ ਚੱਲਦਿਆ ਇਲਾਕੇ ਵਿੱਚ ਚੋਰੀ ਚਕਾਰੀ, ਲੁੱਟ ਖਸੁੱਟ ਦੀਆਂ ਘਟਨਾਵਾਂ ਲਗਾਤਾਰ ਵੱਧਦੀਆਂ ਜਾ ਰਹੀਆਂ ਹਨ।
ਬਾਬਾ ਸ਼ਾਹ ਹੁਸੈਨ ਦੇ ਅਸਥਾਨ ਤੇ ਹੋਈ ਗੋਲਕ ਤੋੜਣ ਦੀ ਘਟਨਾ ਨੂੰ ਦੋ ਦਿਨ ਬੀਤਣ ਦੇ ਬਾਵਜੂਦ ਪੁਲੀਸ ਚੋਰਾਂ ਨੂੰ ਕਾਬੂ ਕਰਨ ਵਿੱਚ ਨਾਕਾਮ ਸਾਬਿਤ ਹੋ ਰਹੀ ਹੈ। ਉਥੇ ਹੀ ਥਾਣੇ ਦੇ ਬਿਲਕੁਲ ਨਜ਼ਦੀਕ ਵਾਪਰ ਰਹੀਆ ਅਪਰਾਧਿਕ ਘਟਨਾਵਾ ਵੀ ਇਲਾਕੇ ਭਰ ਵਿੱਚ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਹਨ ਜੋ ਪੁਲੀਸ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਤੇ ਸਵਾਲ ਖੜੇ ਕਰ ਰਹੀਆਂ ਹਨ।