- ਦੇਸ਼ ਦੇ ਕੁੱਲ 508 ਰੇਲਵੇ ਸਟੇਸ਼ਨਾਂ ਦਾ ਮੁੜ ਨਵੀਨੀਕਰਨ ਕੀਤਾ ਜਾਵੇਗਾ
ਕਪੂਰਥਲਾ, 6 ਅਗਸਤ 2023 – ਦੇਸ਼ ਦੇ ਛੋਟੇ, ਦਰਮਿਆਨੇ ਅਤੇ ਵੱਡੇ ਸ਼ਹਿਰਾਂ ਵਿੱਚ ਰੇਲਵੇ ਸਟੇਸ਼ਨਾਂ ਨੂੰ ਵਿਕਸਤ ਕਰਨ ਦੀ ਅਭਿਲਾਸ਼ੀ ‘ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ’ ਤਹਿਤ 508 ਰੇਲਵੇ ਸਟੇਸ਼ਨਾਂ ਦੇ ਮੁੜ ਵਿਕਾਸ ਦਾ ਕੰਮ ਇੱਕੋ ਸਮੇਂ ਸ਼ੁਰੂ ਕੀਤਾ ਜਾਵੇਗਾ। ਇਹ 508 ਸਟੇਸ਼ਨ ਦੇਸ਼ ਦੇ 23 ਰਾਜਾਂ ਅਤੇ 4 ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਸਥਿਤ ਹਨ। ਇਨ੍ਹਾਂ ਵਿੱਚ ਪੰਜਾਬ ਦੇ 22, ਹਰਿਆਣਾ ਵਿੱਚ 15, ਉੱਤਰ ਪ੍ਰਦੇਸ਼ ਵਿੱਚ 55 ਅਤੇ ਦਿੱਲੀ ਵਿੱਚ 3 ਸਟੇਸ਼ਨ ਸ਼ਾਮਲ ਹਨ। ਦਿੱਲੀ ਵਿੱਚ 3 ਸਟੇਸ਼ਨ ਸਬਜ਼ੀ ਮੰਡੀ, ਨਰੇਲਾ ਅਤੇ ਦਿੱਲੀ ਕੈਂਟ ਹਨ।
ਇੱਕ ਇਤਿਹਾਸਕ ਪਹਿਲਕਦਮੀ ਵਿੱਚ, ਪ੍ਰਧਾਨ ਮੰਤਰੀ ਨਰਿੰਦਰ ਮੋਦੀ 6 ਅਗਸਤ ਨੂੰ ਸਵੇਰੇ 11 ਵਜੇ ਵੀਡੀਓ ਕਾਨਫਰੰਸਿੰਗ ਰਾਹੀਂ ਦੇਸ਼ ਦੇ ਹਰ ਕੋਨੇ-ਕੋਨੇ ਵਿੱਚ 508 ਰੇਲਵੇ ਸਟੇਸ਼ਨਾਂ ਦੇ ਪੁਨਰ ਵਿਕਾਸ ਕਾਰਜ ਦਾ ਨੀਂਹ ਪੱਥਰ ਰੱਖਣਗੇ। ਇਹਨਾਂ 508 ਸਟੇਸ਼ਨਾਂ ਵਿੱਚ ਸੈਰ ਸਪਾਟਾ ਅਤੇ ਤੀਰਥ ਸਥਾਨ ਵੀ ਸ਼ਾਮਲ ਹਨ। ਇਨ੍ਹਾਂ ਸਟੇਸ਼ਨਾਂ ਦਾ ਪੁਨਰ ਵਿਕਾਸ 24 ਹਜ਼ਾਰ 470 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਕੀਤਾ ਜਾਵੇਗਾ। ਇਨ੍ਹਾਂ ਸਟੇਸ਼ਨਾਂ ਨੂੰ ਸ਼ਹਿਰ ਦੇ ਦੋਵੇਂ ਪਾਸਿਆਂ ਨੂੰ ਸਹੀ ਢੰਗ ਨਾਲ ਜੋੜ ਕੇ ਸਿਟੀ ਸੈਂਟਰ ਵਜੋਂ ਵਿਕਸਤ ਕੀਤਾ ਜਾਵੇਗਾ।
ਰੇਲਵੇ ਸਟੇਸ਼ਨਾਂ ਲਈ ਮਾਸਟਰ ਪਲਾਨ ਤਿਆਰ ਕੀਤਾ ਗਿਆ ਹੈ, ਰੇਲਵੇ ਪਟੜੀਆਂ ਦੇ ਉੱਪਰ ‘ਰੂਫ ਪਲਾਜ਼ਾ’ ਬਣਾਇਆ ਜਾਵੇਗਾ।
ਸਟੇਸ਼ਨ ਦੇ ਪੁਨਰ ਵਿਕਾਸ ਪ੍ਰੋਗਰਾਮ ਦਾ ਸਭ ਤੋਂ ਮਹੱਤਵਪੂਰਨ ਹਿੱਸਾ ਰੂਫ ਪਲਾਜ਼ਾ ਹੋਵੇਗਾ, ਜੋ ਕਿ ਇੱਕ ਜਗ੍ਹਾ ‘ਤੇ ਆਧੁਨਿਕ ਸਹੂਲਤਾਂ ਨੂੰ ਇਕੱਠਾ ਕਰਨ ਲਈ ਟਰੈਕਾਂ ਦੇ ਉੱਪਰ ਬਣਾਇਆ ਗਿਆ ਇੱਕ ਜਨਤਕ ਸਥਾਨ ਹੋਵੇਗਾ। ਇਸ ਵਿੱਚ ਲਾਉਂਜ, ਵੇਟਿੰਗ ਏਰੀਆ, ਸ਼ਾਪਿੰਗ ਏਰੀਆ, ਰੈਸਟੋਰੈਂਟ ਆਦਿ ਲਈ ਜਗ੍ਹਾ ਸ਼ਾਮਲ ਹੋਵੇਗੀ।
ਭਾਜਪਾ ਜ਼ਿਲ੍ਹਾ ਕਪੂਰਥਲਾ ਦੇ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਨੇ ਪਾਰਟੀ ਵਾਰਕਰਾਂ ਸਮੇਤ ਕਪੂਰਥਲਾ ਰੇਲਵੇ ਸਟੇਸ਼ਨ ਦਾ ਦੌਰਾ ਕਰਦੇ ਹੋਏ ਮੀਡੀਆ ਨੂੰ ਇਹ ਜਾਣਕਾਰੀ ਦਿੱਤੀ।