ਅਟਾਰੀ, 8 ਅਗਸਤ 2023 – ਅਭਿਨੇਤਰੀ ਕਿਆਰਾ ਅਡਵਾਨੀ ਭਾਰਤ-ਪਾਕਿਸਤਾਨ ਸਰਹੱਦ ‘ਤੇ ਚੌਕਸ ਸੀਮਾ ਸੁਰੱਖਿਆ ਬਲ (BSF) ਦੇ ਜਵਾਨਾਂ ਨਾਲ ਸ਼ੂਟਿੰਗ ਕਰਨ ਤੋਂ ਬਾਅਦ ਮੁੰਬਈ ਪਰਤ ਆਈ ਹੈ। ਉਨ੍ਹਾਂ ਨੇ ਕਮਾਂਡੋ ਲੁੱਕ ਵਿੱਚ ਬੀਐਸਐਫ ਜਵਾਨਾਂ ਨਾਲ ਸਰਹੱਦ ਦਾ ਦੌਰਾ ਕੀਤਾ। ਦਰਅਸਲ, ਕਿਆਰਾ ਇਕ ਦਿਨ ਦੇ ਸਪੈਸ਼ਲ ਸ਼ੂਟ ਲਈ ਅੰਮ੍ਰਿਤਸਰ ਪਹੁੰਚੀ ਸੀ, ਜਿੱਥੇ ਉਸ ਨੇ ਪੂਰਾ ਦਿਨ ਬੀਐੱਸਐੱਫ ਜਵਾਨਾਂ ਨਾਲ ਬਤੌਰ ਇੱਕ ਸੈਨਿਕ ਵੱਜੋਂ ਬਿਤਾਇਆ।
ਐਤਵਾਰ ਸ਼ਾਮ ਨੂੰ ਅੰਮ੍ਰਿਤਸਰ ਪਹੁੰਚੀ ਕਿਆਰਾ ਅਡਵਾਨੀ ਨੇ ਸਭ ਤੋਂ ਪਹਿਲਾਂ ਅਟਾਰੀ ਬਾਰਡਰ ‘ਤੇ ਰੀਟਰੀਟ ਸਮਾਰੋਹ ਦੇਖਿਆ। ਉਹ ਦੋਵੇਂ ਦੇਸ਼ਾਂ ਦੇ ਸੈਨਿਕਾਂ ਦਾ ਉਤਸ਼ਾਹ ਦੇਖ ਕੇ ਬਹੁਤ ਉਤਸ਼ਾਹਿਤ ਸੀ। ਉਨ੍ਹਾਂ ਨੇ ਰੀਟਰੀਟ ਸੈਰੇਮਨੀ ਕਰ ਰਹੇ ਸੈਨਿਕਾਂ ਨਾਲ ਤਸਵੀਰਾਂ ਵੀ ਖਿਚਵਾਈਆਂ। ਅਗਲੀ ਸਵੇਰ, ਕਿਆਰਾ ਬਲੈਕ ਪੈਂਟ ਅਤੇ ਟਾਪ ਨਾਲ ਕਮਾਂਡੋ ਲੁੱਕ ਵਿੱਚ ਬੀਐਸਐਫ ਜਵਾਨਾਂ ਦੀ ਇੱਕ ਟੁਕੜੀ ਵਿੱਚ ਸ਼ਾਮਲ ਹੋਈ।
ਇਸ ਦੌਰਾਨ ਕਿਆਰਾ ਸਰਹੱਦ ‘ਤੇ ਗਸ਼ਤ ਕਰ ਰਹੇ ਜਵਾਨਾਂ ਦੇ ਨਾਲ ਰਹੀ। ਚਿਪਚਿਪੀ ਗਰਮੀ ਵਿੱਚ ਬੀਐੱਸਐੱਫ ਜਵਾਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀ ਰਹੀ। ਜਵਾਨਾਂ ਦੇ ਕੰਮ ਕਰਨ ਦੇ ਤਰੀਕਿਆਂ ਨੂੰ ਜਾਣਿਆ। ਇੰਨਾ ਹੀ ਨਹੀਂ ਕਿਆਰਾ ਭਾਰਤ-ਪਾਕਿ ਸਰਹੱਦ ‘ਤੇ ਘੁਸਪੈਠ ਰੋਕਣ ਲਈ ਕੀਤੇ ਜਾ ਰਹੇ ਯਤਨਾਂ ਤੋਂ ਕਾਫੀ ਪ੍ਰਭਾਵਿਤ ਹੋਈ।
ਬੀਐਸਐਫ ਦੇ ਜਵਾਨ ਹੁਣ ਅਤਿ-ਆਧੁਨਿਕ ਸਹੂਲਤਾਂ ਅਤੇ ਹਥਿਆਰਾਂ ਨਾਲ ਲੈਸ ਹਨ। ਕਿਆਰਾ ਨੇ ਉਨ੍ਹਾਂ ਦੇ ਅਤਿ-ਆਧੁਨਿਕ ਹਥਿਆਰਾਂ ਨੂੰ ਚਲਾ ਕੇ ਦੇਖਿਆ। ਸਰਹੱਦ ‘ਤੇ ਬਣਾਈ ਗਈ ਗੈਲਰੀ ਵਿੱਚ ਅਤਿ-ਆਧੁਨਿਕ ਤਕਨੀਕਾਂ, ਨਾਈਟ ਵਿਜ਼ਨ ਕੈਮਰੇ, ਨਾਈਟ ਵਿਜ਼ਨ ਦੂਰਬੀਨ, ਰਾਡਾਰ ਸਿਸਟਮ ਆਦਿ ਬਾਰੇ ਵੀ ਜਾਣਕਾਰੀ ਲਈ। ਇਸ ਗੈਲਰੀ ਵਿੱਚ, ਕਿਆਰਾ ਸੈਨਿਕਾਂ ਦੀ ਸ਼ਹਾਦਤ ਅਤੇ ਸੈਨਿਕਾਂ ਨੂੰ ਹੁਣ ਪ੍ਰਾਪਤ ਹੋਣ ਵਾਲੀਆਂ ਅਤਿ-ਆਧੁਨਿਕ ਤਕਨੀਕਾਂ ਬਾਰੇ ਜਾਣਨ ਲਈ ਬਹੁਤ ਉਤਸ਼ਾਹਿਤ ਸੀ।
ਬੀਐਸਐਫ ਵੱਲੋਂ ਇਸ ਸਾਲ ਇੱਕ ਲੱਖ ਰੁੱਖ ਲਗਾਉਣ ਦਾ ਟੀਚਾ ਰੱਖਿਆ ਗਿਆ ਹੈ। ਕਿਆਰਾ ਅਡਵਾਨੀ ਵੀ ਇਸ ਮੁਹਿੰਮ ਦਾ ਹਿੱਸਾ ਬਣੀ। ਸਰਹੱਦ ‘ਤੇ ਬੀਐਸਐਫ ਦੇ ਜਵਾਨਾਂ ਵੱਲੋਂ ਕਿਆਰਾ ਦੇ ਨਾਂ ‘ਤੇ ਇੱਕ ਦਰੱਖਤ ਵੀ ਲਗਾਇਆ ਗਿਆ। ਬੀਐਸਐਫ ਜਵਾਨਾਂ ਨਾਲ ਇੱਕ ਦਿਨ ਬਿਤਾਉਣ ਤੋਂ ਬਾਅਦ ਕਿਆਰਾ ਬਹੁਤ ਖੁਸ਼ ਨਜ਼ਰ ਆ ਰਹੀ ਸੀ।