- ਡਿਊਟੀ ਪ੍ਰਤੀ ਅਣਗਹਿਲੀ ਅਤੇ ਸਕੂਲ ਦਾ ਮਾਹੌਲ ਖ਼ਰਾਬ ਕਰਨ ਦੇ ਦੋਸ਼ ‘ਚ ਪ੍ਰਿੰਸੀਪਲ ਨੂੰ ਮੌਕੇ ‘ਤੇ ਹੀ ਕੀਤਾ ਮੁਅੱਤਲ
- ਕੁਝ ਦਿਨ ਪਹਿਲਾਂ ਇਸ ਸਕੂਲ ਦੇ ਬੱਚਿਆਂ ਨੇ ਬੈਂਸ ਨੂੰ ਭੇਜੀ ਸੀ ਸ਼ਿਕਾਇਤ
- ਪ੍ਰਿੰਸੀਪਲ ਸਕੂਲ ‘ਚ ਸ਼ਰਾਬ ਪੀ ਕੇ ਡਿਊਟੀ ਕਰਨ ਆਉਂਦਾ ਹੈ
ਰੋਪੜ, 9 ਅਗਸਤ 2023 – ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਢੇਰ ਜ਼ਿਲ੍ਹਾ ਰੋਪੜ ਦੀ ਅਚਨਚੇਤ ਚੈਕਿੰਗ ਕੀਤੀ ਗਈ। ਕੁਝ ਦਿਨ ਪਹਿਲਾਂ ਇਸ ਸਕੂਲ ਦੇ ਬੱਚਿਆਂ ਨੇ ਬੈਂਸ ਸ਼ਿਕਾਇਤ ਭੇਜੀ ਸੀ ਕਿ ਸਕੂਲ ਪ੍ਰਿੰਸੀਪਲ ਸਕੂਲ ਦਾ ਮਾਹੌਲ ਖ਼ਰਾਬ ਕਰ ਰਿਹਾ ਹੈ ਅਤੇ ਉਹ ਅਕਸਰ ਸ਼ਰਾਬ ਪੀ ਕੇ ਸਕੂਲ ਡਿਊਟੀ ਕਰਨ ਆਉਂਦਾ ਹੈ।
ਸਕੂਲ ਦੇ ਬੱਚਿਆਂ ਵੱਲੋਂ ਕੀਤੀ ਸ਼ਿਕਾਇਤ ਦੀ ਜ਼ਮੀਨੀ ਹਕੀਕਤ ਜਾਣਨ ਵਾਸਤੇ ਸਿੱਖਿਆ ਮੰਤਰੀ ਵੱਲੋਂ ਅਚਨਚੇਤ ਸਕੂਲ ਦਾ ਦੌਰਾ ਕੀਤਾ। ਚੈਕਿੰਗ ਦੌਰਾਨ ਸਿੱਖਿਆ ਮੰਤਰੀ ਨੇ ਦੇਖਿਆ ਕਿ ਪ੍ਰਿੰਸੀਪਲ ਆਪਣੀ ਡਿਊਟੀ ਗ਼ੈਰ ਜਿੰਮੇਵਾਰੀ ਅਤੇ ਗੈਰ ਸੰਵੇਦਨਸ਼ੀਲਤਾ ਨਾਲ ਨਿਭਾ ਰਹੇ ਹਨ। ਡਿਊਟੀ ਪ੍ਰਤੀ ਅਣਗਹਿਲੀ ਅਤੇ ਸਕੂਲ ਦਾ ਮਾਹੌਲ ਖ਼ਰਾਬ ਕਰਨ ਕਾਰਨ ਪ੍ਰਿੰਸੀਪਲ ਨੂੰ ਮੌਕੇ ‘ਤੇ ਹੀ ਬੈਂਸ ਵੱਲੋਂ ਮੁਅੱਤਲ ਕੀਤਾ ਗਿਆ।
ਉੱਠੇ ਹੀ ਬੈਂਸ ਵੱਲੋਂ ਪ੍ਰਿੰਸੀਪਲ ਨੂੰ ਸ਼ਰਾਬ ਪੀਂਦੇ ਦੇਖ ਕੇ ਸ਼ਿਕਾਇਤ ਨਾ ਕਰਨ ਵਾਲੇ ਸਾਥੀ ਅਧਿਆਪਕਾਂ ਦੀ ਵੀ ਕਲਾਸ ਲਾਈ ਗਈ ਅਤੇ ਸਿੱਖਿਆ ਮੰਤਰੀ ਨੇ ਫੌਰੀ ਫੈਸਲਾ ਲੈਂਦਿਆਂ ਸ਼ਰਾਬ ਪੀਣ ਦੇ ਦੋਸ਼ ‘ਚ ਪ੍ਰਿੰਸੀਪਲ ਅਤੇ ਸਹਿਯੋਗੀ ਸਾਥੀ ਅਧਿਆਪਕ ਨੂੰ ਮੁਅੱਤਲ ਕਰ ਦਿੱਤਾ ਅਤੇ ਬਾਕੀ ਸਟਾਫ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ।
ਇਸ ਦੇ ਨਾਲ ਹੀ ਸਿੱਖਿਆ ਮੰਤਰੀ ਨੇ ਸਕੂਲ ਦੇ ਵਿਕਾਸ ਲਈ ਇੱਕ ਕਰੋੜ ਰੁਪਏ ਦੀ ਵਿਸ਼ੇਸ਼ ਗ੍ਰਾਂਟ ਵੀ ਜਾਰੀ ਕੀਤੀ।
ਇੱਥੇ ਹੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਜੇਕਰ ਮੀਡੀਆ ਨੂੰ ਇਸ ਗੱਲ ਦਾ ਪਤਾ ਲੱਗ ਜਾਂਦਾ ਤਾਂ ਪੰਜਾਬ ਦੇ ਸਰਕਾਰੀ ਸਕੂਲਾਂ ਦੀ ਸਿੱਖਿਆ ਪ੍ਰਣਾਲੀ ਕਾਫੀ ਬਦਨਾਮ ਹੋ ਜਾਣੀ ਸੀ, ਇਸ ਲਈ ਗਲਤੀਆਂ ਕਰਨ ਵਾਲਿਆਂ ਖਿਲਾਫ ਕਾਰਵਾਈ ਬਹੁਤ ਜ਼ਰੂਰੀ ਹੈ।