ਚੰਡੀਗੜ੍ਹ, 9 ਅਗਸਤ 2023 – ਮਨੀਪੁਰ ‘ਚ ਹਿੰਸਾ ਖਿਲਾਫ ਅੱਜ ਪੰਜਾਬ ਬੰਦ ਹੈ। ਵਾਲਮੀਕਿ, ਰਵਿਦਾਸੀਆ ਅਤੇ ਈਸਾਈ ਭਾਈਚਾਰੇ ਨੇ ਸਾਂਝੇ ਤੌਰ ‘ਤੇ ਬੰਦ ਦਾ ਸੱਦਾ ਦਿੱਤਾ ਹੈ। ਬੰਦ ਦੇ ਸੱਦੇ ਦੇ ਮੱਦੇਨਜ਼ਰ ਸਰਕਾਰੀ ਸਕੂਲ ਅਤੇ ਕਾਲਜ ਬੰਦ ਕਰ ਦਿੱਤੇ ਗਏ ਹਨ। ਬੱਚਿਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਪ੍ਰਾਈਵੇਟ ਸਕੂਲਾਂ ਨੂੰ ਵੀ ਬੰਦ ਰੱਖਿਆ ਗਿਆ ਹੈ।
ਮਨੀਪੁਰ ਹਿੰਸਾ ਦੇ ਵਿਰੋਧ ’ਚ ਭਾਰਤ ਬੰਦ ਦੇ ਦਿੱਤੇ ਗਏ ਸੱਦੇ ਦੌਰਾਨ ਮੋਗਾ ਦੇ ਕਸਬਾ ਕੋਟ ਈਸੇ ਖਾਂ ਵਿਖੇ ਜਥੇਬੰਦੀਆਂ ਵਲੋਂ ਕੀਤੇ ਜਾ ਰਹੇ ਮਾਰਚ ਸਮੇਂ ਸਥਾਨਕ ਸ਼ਹਿਰ ਦੇ ਮਸੀਤਾਂ ਰੋਡ ਤੇ ਇਕ ਸ਼ਖਸ ਵਲੋਂ ਗੋਲੀਆਂ ਚਲਾਈਆਂ ਗਈਆਂ, ਜਿਸ ਦੌਰਾਨ ਜਥੇਬੰਦੀ ਦਾ ਇਕ ਆਗੂ ਜੱਥੇਦਾਰ ਬਲਵੰਤ ਸਿੰਘ ਨਿਹੰਗ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ। ਜਿਸ ਨੂੰ ਇਲਾਜ ਲਈ ਪੁਲਿਸ ਵਲੋਂ ਪ੍ਰਾਈਵੇਟ ਹਸਪਤਾਲ ਦਾਖਲ ਕਰਵਾਇਆ ਗਿਆ, ਜਿਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।
ਜਲੰਧਰ, ਬਰਨਾਲਾ ਅਤੇ ਗੁਰਦਾਸਪੁਰ, ਹੁਸ਼ਿਆਰਪੁਰ ਵਿੱਚ ਬੰਦ ਦਾ ਅਸਰ ਦੇਖਣ ਨੂੰ ਮਿਲਿਆ ਹੈ। ਇਨ੍ਹਾਂ ਸਾਰੇ ਜ਼ਿਲ੍ਹਿਆਂ ਦੇ ਸਾਰੇ ਪ੍ਰਮੁੱਖ ਬਾਜ਼ਾਰ ਬੰਦ ਰਹੇ।
ਪੰਜਾਬ ਬੰਦ ਕਰਨ ਦੀ ਕਾਲ ਦਿੱਤੀ ਗਈ ਸੀ ਜਿਸ ਦਾ ਅਸਰ ਅੰਮ੍ਰਿਤਸਰ ਵਿਚ ਵੀ ਦੇਖਣ ਨੂੰ ਮਿਲ ਰਿਹਾ ਹੈ। ਅੰਮ੍ਰਿਤਸਰ ਵਿੱਚ ਵੱਖ ਵੱਖ ਧਰਮਾਂ ਦੇ ਸੰਗਠਨਾਂ ਵਲੋਂ ਬਾਜ਼ਾਰ ਬੰਦ ਕਰਵਾਏ ਜਾ ਰਹੇ ਹਨ ਅਤੇ ਦੂਸਰੇ ਪਾਸੇ ਅੰਮ੍ਰਿਤਸਰ ਦਾ ਹਾਲ ਬਜ਼ਾਰ ਪੂਰੀ ਤਰੀਕੇ ਨਾਲ ਬੰਦ ਨਜ਼ਰ ਆ ਰਿਹਾ ਹੈ। ਹਾਲ ਬਾਜ਼ਾਰ ਅੰਦਰ ਸਾਰੀਆਂ ਦੁਕਾਨਾਂ ਲਗਭੱਗ ਬੰਦ ਹੀ ਦਿਖਾਈ ਦਿੱਤੀਆਂ ਅਤੇ ਇਸ ਦੌਰਾਨ ਆਵਾਜਾਈ ਪੂਰੀ ਤਰੀਕੇ ਨਾਲ ਚੱਲ ਰਹੀ ਹੈ ਅਤੇ ਐਮਰਜੰਸੀ ਸੇਵਾਵਾਂ ਚੱਲ ਰਹੀਆਂ ਹਨ।
ਪੰਜਾਬ ਬੰਦ ਦੇ ਦਿੱਤੇ ਸੱਦੇ ਦਾ ਸ੍ਰੀ ਮੁਕਤਸਰ ਸਾਹਿਬ ਵਿਖੇ ਹਾਲੇ ਤੱਕ ਕੋਈ ਅਸਰ ਦੇਖਣ ਨੂੰ ਨਹੀਂ ਮਿਲਿਆ। ਸ੍ਰੀ ਮੁਕਤਸਰ ਸਾਹਿਬ ਵਿਖੇ ਸਾਰੀਆਂ ਹੀ ਦੁਕਾਨਾਂ ਖੁੱਲ੍ਹੀਆਂ ਹਨ। ਓਧਰ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਨਾਲ ਨਜਿੱਠਣ ਲਈ ਵੱਡੀ ਗਿਣਤੀ ‘ਚ ਪੁਲਿਸ ਕਰਮਚਾਰੀ ਸ਼ਹਿਰ ਦੇ ਵੱਖ ਵੱਖ ਚੌਂਕ ਵਿਚ ਤਾਇਨਾਤ ਹਨ ਤੇ ਉਨ੍ਹਾਂ ਵਲੋਂ ਸ਼ਹਿਰ ਅੰਦਰ ਬਾਜ ਅੱਖ ਰੱਖੀ ਜਾ ਰਹੀ ਹੈ।
ਉਥੇ ਹੀ ਮਨੀਪੁਰ ‘ਚ ਹਿੰਸਾ ਖਿਲਾਫ ਲੁਧਿਆਣਾ ‘ਚ ਬੰਦ ਦਾ ਸੱਦਾ ਬੇ-ਅਸਰ ਰਿਹਾ। ਬਾਜ਼ਾਰ ਦੇ ਨਾਲ-ਨਾਲ ਇੱਥੇ ਸਕੂਲ-ਕਾਲਜ ਵੀ ਖੁੱਲ੍ਹੇ ਰਹੇ। ਵਾਲਮੀਕਿ, ਰਵਿਦਾਸੀਆ ਅਤੇ ਈਸਾਈ ਭਾਈਚਾਰੇ ਨੇ ਸਾਂਝੇ ਤੌਰ ‘ਤੇ ਬੰਦ ਦਾ ਸੱਦਾ ਦਿੱਤਾ ਹੈ। ਬੰਦ ਦੇ ਸੱਦੇ ਕਾਰਨ ਪੁਲੀਸ ਨੇ ਇੱਕ ਦਿਨ ਪਹਿਲਾਂ ਹੀ ਫਲੈਗ ਮਾਰਚ ਕੱਢਣੇ ਸ਼ੁਰੂ ਕਰ ਦਿੱਤੇ ਸਨ। ਸਕੂਲਾਂ ਅਤੇ ਕਾਲਜਾਂ ਦੇ ਆਲੇ-ਦੁਆਲੇ ਪੁਲਿਸ ਫੋਰਸ ਤਾਇਨਾਤ ਹੈ। ਪੁਲੀਸ ਨੇ ਮਹਾਂਨਗਰ ਦੇ ਐਂਟਰੀ ਪੁਆਇੰਟਾਂ ’ਤੇ ਨਾਕਾਬੰਦੀ ਕਰ ਦਿੱਤੀ ਹੈ।
ਬੰਦ ਸਮਰਥਕਾਂ ਦਾ ਕਹਿਣਾ ਹੈ ਕਿ ਉਹ ਸ਼ਾਂਤੀਪੂਰਵਕ ਪ੍ਰਦਰਸ਼ਨ ਕਰਨਗੇ। ਇਸ ਦੌਰਾਨ ਹਾਈਵੇਅ ਜਾਮ ਕੀਤੇ ਜਾਣਗੇ। ਬਾਜ਼ਾਰ ਬੰਦ ਰਹਿਣਗੇ। ਸਿਰਫ਼ ਮੈਡੀਕਲ ਸਹੂਲਤਾਂ ਵਰਗੀਆਂ ਐਮਰਜੈਂਸੀ ਸੇਵਾਵਾਂ ਨੂੰ ਛੋਟ ਦਿੱਤੀ ਜਾਵੇਗੀ। ਬੰਦ ਦੌਰਾਨ ਐਂਬੂਲੈਂਸ, ਫਾਇਰ ਬ੍ਰਿਗੇਡ ਅਤੇ ਡਿਊਟੀ ‘ਤੇ ਮੌਜੂਦ ਫੌਜੀ ਵਾਹਨਾਂ ਨੂੰ ਜਾਮ ਵਿੱਚ ਨਹੀਂ ਰੋਕਿਆ ਜਾਵੇਗਾ। ਬੰਦ ਨੂੰ ਲੈ ਕੇ ਜਲੰਧਰ ਅਤੇ ਲੁਧਿਆਣਾ ‘ਚ ਵੱਡਾ ਪ੍ਰਦਰਸ਼ਨ ਕੀਤਾ ਜਾਵੇਗਾ।