ਮਾਨਸਾ, 10 ਅਗਸਤ 2023 : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਦੀ ਬੁੱਧਵਾਰ ਨੂੰ ਮਾਨਸਾ ਦੀ ਅਦਾਲਤ ਵਿੱਚ ਸੁਣਵਾਈ ਹੋਈ। ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਛੱਡ ਕੇ 24 ਮੁਲਜ਼ਮ ਜੇਲ੍ਹ ਤੋਂ ਹੀ ਵਰਚੁਅਲ ਤੌਰ ‘ਤੇ ਅਦਾਲਤ ‘ਚ ਪੇਸ਼ ਹੋਏ। ਪੇਸ਼ ਹੋਏ ਇਹਨਾਂ ਗੈਂਗਸਟਰਾਂ ‘ਚ ਜੱਗੂ ਭਗਵਾਨਪੁਰੀਆ, ਪ੍ਰਿਅਵਰਤ ਫੌਜੀ, ਅੰਕਿਤ ਸੇਰਸਾ ਸਮੇਤ ਬਾਕੀ 24 ਗੈਂਗਸਟਰ ਹਨ। ਮੂਸੇਵਾਲਾ ਕਤਲ ਕੇਸ ਦੀ ਹੁਣ ਅਗਲੀ ਸੁਣਵਾਈ 23 ਅਗਸਤ ਨੂੰ ਹੋਵੇਗੀ।
SIT ਨੇ ਜਾਂਚ ਵਿੱਚ ਕਿਹਾ ਕਿ ਕਤਲ ਬਦਲੇ ਦੀ ਭਾਵਨਾ ਨਾਲ ਕੀਤਾ ਗਿਆ ਸੀ। ਪੁਲਿਸ ਨੇ 27 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਜਦਕਿ ਜਗਦੀਪ ਰੂਪਾ, ਮਨਪ੍ਰੀਤ ਮਨੂੰ ਮੁਕਾਬਲੇ ਵਿੱਚ ਮਾਰੇ ਗਏ ਹਨ।
ਵਰਚੁਅਲ ਤੌਰ ‘ਤੇ ਅਦਾਲਤ ‘ਚ ਪੇਸ਼ ਕੀਤੇ ਗਏ 24 ਗੈਂਗਸਟਰਾਂ ‘ਤੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦਾ ਵੀ ਬਿਆਨ ਸਾਹਮਣੇ ਆਇਆ ਹੈ। ਬਲਕੌਰ ਸਿੰਘ ਨੇ ਕਿਹਾ ਕਿ ਅਦਾਤਲ ਵਿੱਚ ਹੁਣ ਟਰਾਇਲ ਸ਼ੁਰੂ ਹੋ ਗਏ ਹਨ। ਇਹ ਪੇਸ਼ੀ ਵਰਚੁਆਲ ਤੌਰ ‘ਤੇ ਰਹੀ ਸ਼ਾਇਦ ਪੰਜਾਬ ਬੰਦ ਹੋਣ ਕਰਕੇ ਇਹਨਾਂ ਗੈਂਗਸਟਰਾਂ ਨੂੰ ਕੋਰਟ ‘ਚ ਪੇਸ਼ ਨਹੀਂ ਕੀਤਾ ਗਿਆ।
ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਉਮੀਦ ਹੈ ਕਿ ਅਗਲੀ ਸੁਣਵਾਈ ਦੌਰਾਨ ਇਹਨਾਂ ਸਾਰੇ ਗੈਂਗਸਟਰਾਂ ਨੂੰ ਪੁਲਿਸ ਨਿੱਜੀ ਤੌਰ ‘ਤੇ ਅਦਾਲਤ ‘ਚ ਲਿਆਵੇਗੀ। ਉਹਨਾਂ ਨੇ ਕਿਹਾ ਕਿ ਗੋਲਡੀ ਬਰਾੜ ਹਾਲੇ ਵੀ ਵਿਦੇਸ਼ ‘ਚ ਲੁਕਿਆ ਹੋਇਆ ਹੈ। ਪੁਲਿਸ ਨੂੰ ਗੋਲਡੀ ਤੱਕ ਵੀ ਹੱਥ ਪਾਉਣਾ ਚਾਹੀਦਾ ਹੈ। ਇਸ ਤੋਂ ਇਲਾਵਾ ਮੂਸੇਵਾਲਾ ਦੇ ਪਿਤਾ ਨੇ ਕਿਹਾ ਕਿ ਸਾਨੂੰ ਪੂਰੀ ਉਮੀਦ ਹੈ ਕਿ ਅਦਾਲਤ ਜ਼ਰੂਰ ਇਨਸਾਫ਼ ਦੇਵੇਗੀ।
26 ਅਗਸਤ 2022 ਨੂੰ ਜਾਂਚ ਟੀਮ ਨੇ ਗੈਂਗਸਟਰਾਂ ਲਾਰੇਂਸ ਬਿਸ਼ਨੋਈ, ਗੋਲਡੀ ਬਰਾੜ ਤੇ ਜੱਗੂ ਭਗਵਾਨਪੁਰੀਆ ਸਮੇਤ 24 ਵਿਅਕਤੀਆਂ ਖ਼ਿਲਾਫ਼ 1,850 ਪੰਨਿਆਂ ਦੀ ਚਾਰਜਸ਼ੀਟ ਦਾਇਰ ਕੀਤੀ ਸੀ, ਜਦਕਿ ਸੱਤ ਮੁਲਜ਼ਮਾਂ ਖ਼ਿਲਾਫ਼ 5 ਦਸੰਬਰ ਨੂੰ ਸਪਲੀਮੈਂਟਰੀ ਚਾਰਜਸ਼ੀਟ ਦਾਖ਼ਲ ਕੀਤੀ ਗਈ ਸੀ। ਕੁੱਲ 31 ਮੁਲਜ਼ਮਾਂ ਵਿੱਚੋਂ ਪੁਲੀਸ ਨੇ 27 ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਨ੍ਹਾਂ ਵਿੱਚ ਮਨਦੀਪ ਸਿੰਘ ਤੇ ਮਨਮੋਹਨ ਸਿੰਘ ਫਰਵਰੀ ‘ਚ ਗੋਇੰਦਵਾਲ ਜੇਲ੍ਹ ਵਿੱਚ ਝੜਪ ਦੌਰਾਨ ਮਾਰੇ ਗਏ ਸਨ। ਗੋਲਡੀ ਬਰਾੜ ਸਮੇਤ ਤਿੰਨ ਮੁਲਜ਼ਮ ਫਰਾਰ ਹਨ ਤੇ ਵਿਦੇਸ਼ ਵਿੱਚ ਦੱਸੇ ਜਾ ਰਹੇ ਹਨ।
ਇੱਕ ਮੁਲਾਜ਼ਮ ਸਚਿਨ ਥਾਪਨ ਬਿਸ਼ਨੋਈ ਹੈ, ਜਿਸ ਦੀ ਇਸ ਮਹੀਨੇ ਦੇ ਸ਼ੁਰੂ ਵਿੱਚ ਅਜ਼ਰਬਾਇਜਾਨ ਤੋਂ ਹਵਾਲਗੀ ਹਾਸਲ ਕੀਤੀ ਗਈ ਸੀ ਤੇ ਹੁਣ ਉਹ NIA ਦੀ ਹਿਰਾਸਤ ਵਿੱਚ ਹੈ। ਮੂਸੇਵਾਲਾ ਕਤਲ ਕੇਸ ਵਿੱਚ ਮਾਨਸਾ ਪੁਲਿਸ ਜਲਦੀ ਹੀ ਉਸ ਨੂੰ ਟਰਾਂਜ਼ਿਟ ਰਿਮਾਂਡ ‘ਤੇ ਲਿਆਵੇਗੀ।