- ਆਨੰਦ ਮੈਰਿਜ ਐਕਟ ਨੂੰ ਉੱਤਰਾਖੰਡ ਕੈਬਨਿਟ ਨੇ ਦਿੱਤੀ ਮਨਜ਼ੂਰੀ:
- ਇਸ ਐਕਟ ਨੂੰ ਲਾਗੂ ਕਰਨ ਵਾਲਾ ਦੇਸ਼ ਦਾ 10ਵਾਂ ਸੂਬਾ ਬਣਿਆ,
- ਸਰਕਾਰ ਦੇ ਇਸ ਫੈਸਲੇ ‘ਤੇ ਸ਼੍ਰੋਮਣੀ ਕਮੇਟੀ ਨੇ ਪ੍ਰਗਟਾਈ ਖੁਸ਼ੀ
ਚੰਡੀਗੜ੍ਹ, 12 ਅਗਸਤ 2023 – ਉੱਤਰਾਖੰਡ ਸਰਕਾਰ ਹੁਣ ਸਿੱਖ ਰੀਤੀ-ਰਿਵਾਜਾਂ ਤਹਿਤ ਹੋਣ ਵਾਲੇ ਵਿਆਹਾਂ ਨੂੰ ਆਨੰਦ ਮੈਰਿਜ ਐਕਟ ਤਹਿਤ ਰਜਿਸਟਰ ਕਰੇਗੀ। ਮੁੱਖ ਮੰਤਰੀ ਪੁਸ਼ਕਰ ਧਾਮੀ ਦੀ ਪ੍ਰਧਾਨਗੀ ‘ਚ ਹੋਈ ਮੰਤਰੀ ਮੰਡਲ ਦੀ ਬੈਠਕ ‘ਚ ਆਨੰਦ ਮੈਰਿਜ ਐਕਟ ਨੂੰ ਲਾਗੂ ਕਰਨ ਵਾਲਾ ਉਤਰਾਖੰਡ ਦੇਸ਼ ਦਾ 10ਵਾਂ ਸੂਬਾ ਬਣ ਗਿਆ ਹੈ। ਮੀਟਿੰਗ ਵਿੱਚ ਸਾਰੇ ਧਰਮਾਂ ਲਈ ਵਿਆਹ ਰਜਿਸਟ੍ਰੇਸ਼ਨ ਨੂੰ ਲਾਜ਼ਮੀ ਕਰ ਦਿੱਤਾ ਗਿਆ ਹੈ।
ਉੱਤਰਾਖੰਡ ਦੀ ਕੈਬਨਿਟ ਮੀਟਿੰਗ ਵਿੱਚ ਲਏ ਗਏ ਫੈਸਲੇ ਮੁਤਾਬਕ ਆਨੰਦ ਮੈਰਿਜ ਐਕਟ ਤਹਿਤ ਹੋਣ ਵਾਲੇ ਵਿਆਹਾਂ ਨੂੰ ਵੀ ਇਸ ਵਿੱਚ ਸ਼ਾਮਲ ਕੀਤਾ ਗਿਆ ਹੈ। ਜਿਸ ਨਾਲ ਸਿੱਖ ਭਾਈਚਾਰੇ ਦੇ ਲੋਕ ਵੀ ਆਨੰਦ ਮੈਰਿਜ ਐਕਟ ਤਹਿਤ ਰਜਿਸਟ੍ਰੇਸ਼ਨ ਕਰ ਸਕਣਗੇ। ਗੁਰਦੁਆਰਾ ਸ਼੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਨੇ ਉਤਰਾਖੰਡ ਸਰਕਾਰ ਦੇ ਇਸ ਫੈਸਲੇ ਦੀ ਸ਼ਲਾਘਾ ਕੀਤੀ ਹੈ। ਇਸ ‘ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ।
ਗੁਰਦੁਆਰਾ ਸ਼੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਦੇ ਚੇਅਰਮੈਨ ਨਰਿੰਦਰ ਜੀਤ ਸਿੰਘ ਬਿੰਦਰਾ ਨੇ ਕਿਹਾ- ਉੱਤਰਾਖੰਡ ਕੈਬਨਿਟ ਵੱਲੋਂ ਪਾਸ ਕੀਤਾ ਗਿਆ ਲੰਬੇ ਸਮੇਂ ਤੋਂ ਲਟਕਿਆ ਹੋਇਆ ਬਿੱਲ ਜੋ ਕਿ ਹੁਣ ਸਿੱਖ ਵਿਆਹਾਂ ਨੂੰ ਆਨੰਦ ਮੈਰਿਜ ਐਕਟ ਤਹਿਤ ਰਜਿਸਟਰ ਕਰਨ ਦੀ ਆਗਿਆ ਦਿੰਦਾ ਹੈ, ਉੱਤਰਾਖੰਡ ਵਿੱਚ ਵਸਦੇ ਸਮੁੱਚੇ ਸਿੱਖ ਭਾਈਚਾਰੇ ਲਈ ਵੱਡੀ ਜਿੱਤ ਹੈ। ਸਰਕਾਰ ਦਾ ਬਹੁਤ ਹੀ ਸ਼ਲਾਘਾਯੋਗ ਕਦਮ ਹੈ।
ਸਿੱਖ ਧਰਮ ਦੀ ਮਾਨਤਾ ਅਨੁਸਾਰ ਵਿਆਹ ਕਰਵਾਉਣ ਲਈ ‘ਅਨੰਦ’ ਦੀ ਰਸਮ ਕੀਤੀ ਜਾਂਦੀ ਹੈ। ਇਹ ਰਸਮ ਸਿੱਖ ਧਰਮ ਦੇ ਤੀਜੇ ਗੁਰੂ, ਗੁਰੂ ਅਮਰਦਾਸ ਜੀ ਨੇ ਸ਼ੁਰੂ ਕੀਤੀ ਸੀ। ਗੁਰੂ ਅਮਰਦਾਸ ਜੀ ਨੇ 40 ਪਉੜੀਆਂ ਲੰਮੀ ਬਾਣੀ ਅਨੰਦੁ ਦੀ ਰਚਨਾ ਕੀਤੀ ਸੀ। ਇਹ ਧਾਰਮਿਕ ਮਹੱਤਤਾ ਵਾਲੇ ਸਾਰੇ ਮੌਕਿਆਂ ਅਤੇ ਵਿਆਹ ਦੀਆਂ ਰਸਮਾਂ ਦੌਰਾਨ ਪੜ੍ਹਿਆ ਜਾਂਦਾ ਹੈ। ਪੰਜਾਬ ਸਰਕਾਰ ਵੱਲੋਂ ਵੱਖਰਾ ਕਾਨੂੰਨ ਬਣਾ ਕੇ ਆਨੰਦ ਮੈਰਿਜ ਐਕਟ ਨੂੰ ਵੀ ਮਾਨਤਾ ਦਿੱਤੀ ਗਈ ਹੈ।
ਪਹਿਲੀ ਵਾਰ ਆਨੰਦ ਮੈਰਿਜ ਐਕਟ 1909 ਵਿੱਚ ਅੰਗਰੇਜ਼ਾਂ ਦੇ ਸਮੇਂ ਵਿੱਚ ਲਾਗੂ ਹੋਇਆ ਸੀ। ਪਰ ਕਿਸੇ ਕਾਰਨ ਇਹ ਐਕਟ ਉਸ ਸਮੇਂ ਲਾਗੂ ਨਹੀਂ ਹੋ ਸਕਿਆ। 2007 ਵਿੱਚ ਜਦੋਂ ਸੁਪਰੀਮ ਕੋਰਟ ਨੇ ਸਾਰੇ ਧਰਮਾਂ ਲਈ ਵਿਆਹ ਰਜਿਸਟ੍ਰੇਸ਼ਨ ਨੂੰ ਲਾਜ਼ਮੀ ਕਰ ਦਿੱਤਾ ਤਾਂ ਸਿੱਖ ਭਾਈਚਾਰੇ ਨੇ ਵੀ ਆਨੰਦ ਮੈਰਿਜ ਐਕਟ ਨੂੰ ਲਾਗੂ ਕਰਨ ਦੀ ਮੰਗ ਉਠਾਈ। ਇਸ ਤੋਂ ਪਹਿਲਾਂ ਸਿੱਖ ਭਾਈਚਾਰੇ ਨਾਲ ਸਬੰਧਤ ਲੋਕਾਂ ਦੇ ਵਿਆਹ ਹਿੰਦੂ ਮੈਰਿਜ ਐਕਟ ਤਹਿਤ ਰਜਿਸਟਰਡ ਹੁੰਦੇ ਸਨ।
ਆਨੰਦ ਮੈਰਿਜ ਐਕਟ ਵਿੱਚ ਪਹਿਲਾਂ ਵੀ ਕਈ ਵਾਰ ਬਦਲਾਅ ਕੀਤੇ ਜਾ ਚੁੱਕੇ ਹਨ। 7 ਜੂਨ 2012 ਨੂੰ, ਦੋਵਾਂ ਸਦਨਾਂ ਨੇ ਆਨੰਦ ਮੈਰਿਜ ਐਕਟ 1909 ਵਿੱਚ ਸੋਧ ਕਰਦੇ ਹੋਏ ਆਨੰਦ ਮੈਰਿਜ ਸੋਧ ਬਿੱਲ 2012 ਪਾਸ ਕੀਤਾ। ਇਸ ਐਕਟ ਤਹਿਤ ਸਿੱਖ ਪਰੰਪਰਾਗਤ ਵਿਆਹਾਂ ਨੂੰ ਪ੍ਰਮਾਣਿਤ ਕਰਨ ਲਈ ਆਨੰਦ ਦੀ ਰਜਿਸਟ੍ਰੇਸ਼ਨ ਲਾਜ਼ਮੀ ਹੋਵੇਗੀ। ਵਰਤਮਾਨ ਵਿੱਚ, ਇਹ ਆਨੰਦ ਮੈਰਿਜ ਐਕਟ ਭਾਰਤ ਦੇ 11 ਰਾਜਾਂ ਵਿੱਚ ਲਾਗੂ ਹੋ ਗਿਆ ਹੈ।