ਚੰਡੀਗੜ੍ਹ, 12 ਅਗਸਤ 2023 – ਪੰਜਾਬ ਵਿੱਚ ਲੰਬੇ ਸਮੇਂ ਤੋਂ ਹੋ ਰਹੀ ਮਾਈਨਿੰਗ ਕਾਰਨ ਕਈ ਤਰ੍ਹਾਂ ਦੇ ਖਤਰੇ ਪੈਦਾ ਹੋਣ ਦਾ ਖਦਸ਼ਾ ਵਧ ਗਿਆ ਹੈ। ਸੂਬਾ ਸਰਕਾਰ ਨੂੰ ਵੀ ਕਰੋੜਾਂ ਰੁਪਏ ਦਾ ਨੁਕਸਾਨ ਹੋ ਰਿਹਾ ਹੈ। ਪੰਜਾਬ ਦੇ ਮੰਤਰੀਆਂ ਤੇ ਅਫਸਰਾਂ ਨੇ ਮਾਈਨਿੰਗ ਰੋਕਣ ਲਈ ਕਈ ਮੀਟਿੰਗਾਂ ਕੀਤੀਆਂ ਹਨ ਪਰ ਹੁਣ ਪੰਜਾਬ ਸਰਕਾਰ ਹੋਰ ਸਖ਼ਤ ਕਦਮ ਚੁੱਕਣ ਬਾਰੇ ਵਿਚਾਰ ਕਰ ਰਹੀ ਹੈ।
ਪੰਜਾਬ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਖੁਲਾਸਾ ਕੀਤਾ ਹੈ ਕਿ ਮਾਈਨਿੰਗ ਨੈੱਟਵਰਕ ਨਾਲ ਜੁੜੇ ਲੋਕ ਛਾਪੇਮਾਰੀ ਨੂੰ ਸਫਲ ਨਹੀਂ ਕਰਨ ਦੇ ਰਹੇ, ਕਿਉਂਕਿ ਜਦੋਂ ਵੀ ਅਧਿਕਾਰੀ ਕਿਸੇ ਗੁਪਤ ਸੂਚਨਾ ‘ਤੇ ਮਾਈਨਿੰਗ ਵਾਲੀ ਥਾਂ ‘ਤੇ ਛਾਪੇਮਾਰੀ ਕਰਨ ਜਾਂਦੇ ਹਨ ਤਾਂ ਛਾਪੇਮਾਰੀ ਦੀ ਸੂਚਨਾ ਲੀਕ ਹੋ ਜਾਂਦੀ ਹੈ।
ਇਸ ਕਾਰਨ ਦੋਸ਼ੀ ਪੋਕਲਾਈਨ ਮਸ਼ੀਨਾਂ ਦੀ ਮਦਦ ਨਾਲ ਸੜਕਾਂ ਤੋਂ ਮਿੱਟੀ ਪੁੱਟ ਕੇ ਰੇਤ/ਬਜਰੀ ਦੇ ਟੋਇਆਂ ਨੂੰ ਬੰਦ ਕਰ ਦਿੰਦੇ ਹਨ। ਅਧਿਕਾਰੀਆਂ ਵੱਲੋਂ ਮੌਕੇ ’ਤੇ ਪੁੱਜਣ ਵਿੱਚ ਦੇਰੀ ਹੋਣ ਕਾਰਨ ਮੁਲਜ਼ਮ ਆਪਣੀ ਸਾਰੀ ਮਸ਼ੀਨਰੀ ਸਮੇਤ ਭੱਜਣ ਵਿੱਚ ਕਾਮਯਾਬ ਹੋ ਜਾਂਦੇ ਹਨ।
ਕੈਬਨਿਟ ਮੰਤਰੀ ਮੀਤ ਹੇਅਰ ਨੇ ਦੱਸਿਆ ਕਿ ਗੈਰ-ਕਾਨੂੰਨੀ ਮਾਈਨਿੰਗ ਨੈੱਟਵਰਕ ਨਾਲ ਜੁੜੇ ਲੋਕ ਅਧਿਕਾਰੀਆਂ ਦੇ ਘਰਾਂ ਅਤੇ ਦਫਤਰਾਂ ‘ਤੇ ਨਜ਼ਰ ਰੱਖਦੇ ਹਨ। ਜਦੋਂ ਵੀ ਅਧਿਕਾਰੀ ਛਾਪੇਮਾਰੀ ਕਰਨ ਜਾਂਦੇ ਹਨ ਤਾਂ ਉਹ ਮਾਈਨਿੰਗ ਕਰਨ ਵਾਲੇ ਆਪਣੇ ਆਕਾਵਾਂ ਨੂੰ ਸੂਚਨਾ ਦਿੰਦੇ ਹਨ ਅਤੇ ਇਸ ਕਾਰਨ ਰੇਡ ਟੀਮ ਨੂੰ ਸਫਲਤਾ ਨਹੀਂ ਮਿਲਦੀ। ਇਹ ਵੀ ਪਤਾ ਲੱਗਾ ਹੈ ਕਿ ਮੁਲਜ਼ਮ ਛਾਪੇਮਾਰੀ ਦੌਰਾਨ ਆਪਣੀ ਮਸ਼ੀਨਰੀ ਕਿਸੇ ਹੋਰ ਜ਼ਿਲ੍ਹੇ ਜਾਂ ਗੁਆਂਢੀ ਸੂਬੇ ਵਿੱਚ ਲੈ ਜਾਂਦੇ ਹਨ। ਇਸ ਕਾਰਨ ਅਧਿਕਾਰੀਆਂ ਨੂੰ ਕਾਨੂੰਨੀ ਕਾਰਵਾਈ ਵਿੱਚ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਮੰਤਰੀ ਮੀਤ ਹੇਅਰ ਨੇ ਦੱਸਿਆ ਕਿ ਦਰਿਆ ਦੇ ਕੰਢੇ ਖੇਤੀ ਕਰਨ ਦੀ ਬਜਾਏ ਕਈ ਕਿਸਾਨਾਂ ਨੇ ਆਪਣੀਆਂ ਜ਼ਮੀਨਾਂ ਮਾਈਨਰਾਂ ਨੂੰ ਠੇਕੇ ’ਤੇ ਦੇ ਦਿੱਤੀਆਂ ਹਨ। ਪਰ ਪੰਜਾਬ ਸਰਕਾਰ ਹੁਣ ਅਜਿਹੇ ਕਿਸਾਨਾਂ ਖਿਲਾਫ ਵੀ ਕਾਰਵਾਈ ਕਰੇਗੀ। ਕਿਸਾਨਾਂ ਦੇ ਖੇਤਾਂ ‘ਚ ਮਾਈਨਿੰਗ ਕਰਵਾਉਣ ‘ਤੇ ਐਫਆਈਆਰ ਦਰਜ ਕੀਤੀ ਜਾਵੇਗੀ। ਮੰਤਰੀ ਨੇ ਕਿਹਾ ਕਿ ਪੰਜਾਬੀਆਂ ਨੂੰ ਫਲੱਡ ਡੈਮ ਰਾਹੀਂ ਦਰਿਆ ਵਿੱਚ ਪਾਣੀ ਦਾ ਪੱਧਰ ਵਧਣ ਕਾਰਨ ਹੋਈ ਤਬਾਹੀ ਤੋਂ ਸਬਕ ਸਿੱਖਣਾ ਚਾਹੀਦਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਕਰ ਕੋਈ ਦਰਿਆ ਦੇ ਕੰਢੇ ਮਾਈਨਿੰਗ ਕਰਦਾ ਹੈ ਤਾਂ ਮਾਈਨਿੰਗ ਵਿਭਾਗ ਜਾਂ ਸਥਾਨਕ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਸੂਚਿਤ ਕੀਤਾ ਜਾਵੇ।