ਤਰਨਤਾਰਨ, 15 ਅਗਸਤ 2023 – ਤਰਨਤਾਰਨ ‘ਚ ਦੋ ਦਿਨਾਂ ਤੋਂ ਲਾਪਤਾ 3 ਸਾਲਾ ਗੁਰਸੇਵਕ ਸਿੰਘ ਦੀ ਲਾਸ਼ ਭੱਠਲ ਭਾਈ ਦੇ ਸੂਏ (ਡਰੇਨ) ‘ਚੋਂ ਮਿਲੀ ਹੈ। ਮੰਗਲਵਾਰ ਸਵੇਰੇ ਪਿੰਡ ਵਾਸੀਆਂ ਨੇ ਨਾਲੇ ਦੀਆਂ ਝਾੜੀਆਂ ‘ਚ ਲਾਸ਼ ਪਈ ਦੇਖ ਕੇ ਪੁਲਸ ਨੂੰ ਸੂਚਨਾ ਦਿੱਤੀ। ਬੱਚੇ ਦੇ ਪਿਤਾ ‘ਤੇ ਡੁਬੋ ਕੇ ਮਾਰਨ ਦਾ ਦੋਸ਼ ਹੈ। ਦੱਸਿਆ ਗਿਆ ਹੈ ਕਿ ਮ੍ਰਿਤਕ ਗੁਰਸੇਵਕ ਦੇ ਪਿਤਾ ਨੂੰ ਪੁਲਸ ਨੇ ਹਿਰਾਸਤ ‘ਚ ਲੈ ਲਿਆ ਹੈ। ਹਾਲਾਂਕਿ ਪੁਲਿਸ ਫਿਲਹਾਲ ਪਿਤਾ ਬਾਰੇ ਜ਼ਿਆਦਾ ਜਾਣਕਾਰੀ ਸਾਂਝੀ ਨਹੀਂ ਕਰ ਰਹੀ ਹੈ।
ਪੁਲਸ ਦਾ ਕਹਿਣਾ ਹੈ ਕਿ ਜਦੋਂ ਤੱਕ ਪੁਖਤਾ ਸਬੂਤ ਨਹੀਂ ਮਿਲ ਜਾਂਦੇ, ਉਹ ਇਸ ਬਾਰੇ ਕੁਝ ਨਹੀਂ ਕਹਿ ਸਕਦੇ। ਹੁਣ ਲਾਸ਼ ਮਿਲਣ ਤੋਂ ਬਾਅਦ ਜਲਦ ਹੀ ਸੀਨੀਅਰ ਅਧਿਕਾਰੀ ਇਸ ਪੂਰੇ ਮਾਮਲੇ ਦਾ ਪਰਦਾਫਾਸ਼ ਕਰ ਸਕਦੇ ਹਨ। ਪੁਲਿਸ ਦੀ ਜਾਂਚ ਵਿੱਚ ਇੱਕ ਸੀਸੀਟੀਵੀ ਸਾਹਮਣੇ ਆਇਆ ਹੈ। ਜਿਸ ਵਿੱਚ ਪਿਤਾ ਨੂੰ ਆਪਣੇ ਪੁੱਤਰ ਗੁਰਸੇਵਕ ਨੂੰ ਬਾਈਕ ‘ਤੇ ਬਿਠਾ ਕੇ ਲਿਜਾਂਦਾ ਦਿਖਾਇਆ ਗਿਆ।
ਪਿਤਾ ਨੇ ਪਹਿਲਾਂ ਪੁਲੀਸ ਨੂੰ ਘਟਨਾ ਸਥਾਨ ਰਾਹਲ-ਚਹਿਲ ਪਿੰਡ ਦੇ ਕੋਲ ਦੱਸਿਆ ਸੀ ਪਰ ਬਾਅਦ ਵਿੱਚ ਜਦੋਂ ਜਾਂਚ ਸ਼ੁਰੂ ਹੋਈ ਤਾਂ ਮੁਲਜ਼ਮ ਨੇ ਘਟਨਾ ਸਥਾਬ ਨੂੰ ਹੀ ਬਦਲ ਦਿੱਤਾ। ਇਸ ਤੋਂ ਬਾਅਦ ਉਸ ਨੇ ਘਟਨਾ ਪਿੰਡ ਢੋਟੀਆਂ ਦੀ ਦੱਸੀ। ਘਟਨਾ ਵਾਲੀ ਥਾਂ ਦੇ ਵਾਰ-ਵਾਰ ਬਦਲਦੇ ਰਹਿਣ ਅਤੇ ਦਿੱਤੇ ਜਾ ਰਹੇ ਬਿਆਨਾਂ ‘ਤੇ ਪੁਲਸ ਨੂੰ ਸ਼ੱਕ ਹੋਇਆ। ਇਸ ਤੋਂ ਬਾਅਦ ਉਸ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਸੀ।