ਬਰਨਾਲਾ, 16 ਅਗਸਤ 2023 – ਜ਼ਿਲ੍ਹਾ ਬਰਨਾਲਾ ‘ਚ ਬੁੱਧਵਾਰ ਸਵੇਰੇ ਇੱਕ ਘਰ ‘ਚ ਦੋ ਕਤਲ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਥਾਣਾ ਸਦਰ ਅਧੀਨ ਪੈਂਦੇ ਪਿੰਡ ਸੇਖਾ ਵਿੱਚ ਅਣਪਛਾਤੇ ਵਿਅਕਤੀਆਂ ਨੇ ਘਰ ਵਿੱਚ ਵੜ ਕੇ ਮਾਂ-ਧੀ ਦਾ ਕਤਲ ਕਰ ਦਿੱਤਾ। ਇਸ ਦੇ ਨਾਲ ਹੀ ਘਰ ‘ਚ ਰਹਿੰਦਾ ਜਵਾਈ ਗੰਭੀਰ ਜ਼ਖਮੀ ਦੱਸਿਆ ਜਾ ਰਿਹਾ ਹੈ, ਜਿਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।
ਪੁਲਿਸ ਨੇ ਘਟਨਾ ਦੀ ਜਾਣਕਾਰੀ ਮਿਲਦੇ ਹੀ ਮੌਕੇ ‘ਤੇ ਪਹੁੰਚ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਡੌਗ ਸਕੁਐਡ ਦੀ ਟੀਮ ਬੁਲਾਈ ਹੈ, ਜੋ ਹਰ ਪੱਖ ਤੋਂ ਜਾਂਚ ਕਰ ਰਹੀ ਹੈ। ਥਾਣਾ ਸਦਰ ਦੇ ਐਸਐਚਓ ਅੰਡਰ ਟਰੇਨੀ ਪੀਪੀਐਸ ਕਰਨ ਸ਼ਰਮਾ ਨੇ ਦੱਸਿਆ ਕਿ ਜਲਦੀ ਹੀ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਜਾਵੇਗਾ। ਇਹ ਹਮਲਾ ਬਹੁਤ ਹੀ ਤੇਜ਼ਧਾਰ ਹਥਿਆਰਾਂ ਨਾਲ ਯੋਜਨਾਬੱਧ ਤਰੀਕੇ ਨਾਲ ਕੀਤਾ ਗਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਬਜ਼ੁਰਗ ਔਰਤ ਹਰਬੰਸ ਕੌਰ ਆਪਣੀ ਲੜਕੀ ਪਰਮਜੀਤ ਕੌਰ ਅਤੇ ਉਸ ਦੇ ਪਤੀ ਰਾਜਦੀਪ ਸਿੰਘ ਨਾਲ ਸੇਖਾ ਸਥਿਤ ਮਕਾਨ ਵਿੱਚ ਰਹਿੰਦੀ ਸੀ। ਉਸ ਨੇ ਰਾਜਦੀਪ ਸਿੰਘ ਨੂੰ ਆਪਣਾ ਜਵਾਈ ਬਣਾ ਰੱਖਿਆ ਸੀ। ਉਸੇ ਸਮੇਂ ਗੁਆਂਢੀਆਂ ਨੇ ਖੂਨ ਨਾਲ ਲੱਥਪੱਥ ਤਿੰਨਾਂ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ।
ਡਾਕਟਰਾਂ ਨੇ ਮਾਂ-ਧੀ ਨੂੰ ਮ੍ਰਿਤਕ ਐਲਾਨ ਦਿੱਤਾ। ਜਦੋਂਕਿ ਰਾਜਦੀਪ ਸਿੰਘ ਨੂੰ ਲੁਧਿਆਣਾ ਰੈਫਰ ਕਰ ਦਿੱਤਾ ਗਿਆ ਹੈ। ਸੂਤਰਾਂ ਮੁਤਾਬਕ ਇਨ੍ਹਾਂ ਦਾ ਕੋਈ ਜ਼ਮੀਨੀ ਵਿਵਾਦ ਚੱਲ ਰਿਹਾ ਸੀ, ਜਿਸ ਕਾਰਨ ਇਹ ਕਤਲ ਹੋ ਸਕਦਾ ਹੈ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ, ਜਿਸ ਤੋਂ ਬਾਅਦ ਹੀ ਸੱਚਾਈ ਸਾਹਮਣੇ ਆਵੇਗੀ।