- ਪਿੰਡ ਵਾਸੀਆਂ ਦਾ ਸੁਰੱਖਿਅਤ ਥਾਂ ਵੱਲ ਕੂਚ
ਦੀਨਾਨਗਰ, 16 ਅਗਸਤ 2023 – ਗੁਰਦਾਸਪੁਰ ਦੇ ਦੀਨਾਨਗਰ ਦੇ ਪਿੰਡ ਜਗਤਪੁਰ ਟਾਂਡਾ ਨੇੜੇ ਧੁੱਸੀ ਡੈਮ ਹਿਮਾਚਲ ‘ਚ ਹੋਈ ਭਾਰੀ ਬਾਰਿਸ਼ ਕਾਰਨ ਮੰਗਲਵਾਰ ਨੂੰ ਪੌਂਗ ਡੈਮ ਤੋਂ 1.40 ਲੱਖ ਕਿਊਸਿਕ ਪਾਣੀ ਛੱਡਣ ਤੋਂ ਬਾਅਦ ਬਿਆਸ ਦਰਿਆ ‘ਚ ਪਾਣੀ ਦਾ ਪੱਧਰ ਵਧਣ ਕਾਰਨ ਟੁੱਟ ਗਿਆ ਹੈ। ਜਿਸ ਕਾਰਨ ਆਸ-ਪਾਸ ਦੇ ਨੀਵੇਂ ਇਲਾਕੇ ਹੜ੍ਹਾਂ ਦੀ ਮਾਰ ਹੇਠ ਆ ਗਏ ਹਨ, ਜਦਕਿ ਪਿੰਡ ਜਗਤਪੁਰਾ ਟਾਂਡਾ, ਭੈਣੀ ਪਸਵਾਲ, ਚੇਚੀਆਂ ਛਡੀਆਂ, ਪੱਖੋਵਾਲ, ਦਾਉਵਾਲ, ਖਹਿਰਾ, ਦਲੇਰਪੁਰ, ਪਡਾਣਾ, ਛੀਨਾ ਬੇਟ, ਨਡਾਲਾ ਪਿੰਡ ਹੜ੍ਹਾਂ ਦੀ ਮਾਰ ਹੇਠ ਆ ਗਏ ਹਨ।
ਘਰਾਂ ਵਿੱਚ ਪਾਣੀ ਦਾਖਲ ਹੋਣ ਤੋਂ ਬਾਅਦ ਉੱਥੋਂ ਦੇ ਪਿੰਡ ਵਾਸੀਆਂ ਨੇ ਸੁਰੱਖਿਅਤ ਥਾਂ ਵੱਲ ਕੂਚ ਹੈ। ਲੋਕ ਆਪਣਾ ਜ਼ਰੂਰੀ ਸਮਾਨ ਟਰੈਕਟਰ ਟਰਾਲੀ ‘ਤੇ ਰੱਖ ਕੇ ਪਿੰਡ ਛੱਡ ਗਏ ਹਨ।
ਬਿਜਲੀ ਘਰ ਅਤੇ ਥਾਣੇ ਦੇ ਅੰਦਰਲੇ ਹਿੱਸੇ ਵਿੱਚ ਵੀ ਪਾਣੀ ਭਰ ਗਿਆ ਹੈ। NDRF ਦੀਆਂ ਟੀਮਾਂ ਤੋਂ ਇਲਾਵਾ ਫੌਜ ਅਤੇ BSF ਦੀ ਵੀ ਮਦਦ ਲਈ ਜਾ ਰਹੀ ਹੈ। ਗੁਰਦਾਸਪੁਰ ਮੁਕੇਰੀਆਂ ਰੋਡ ਨੂੰ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ ਹੈ। ਜ਼ਿਲ੍ਹਾ ਪ੍ਰਸ਼ਾਸਨ ਨੇ ਇਨ੍ਹਾਂ ਪਿੰਡਾਂ ਦੇ ਵਸਨੀਕਾਂ ਨੂੰ ਤੁਰੰਤ ਸੁਰੱਖਿਅਤ ਜਾਂ ਉੱਚੀਆਂ ਥਾਵਾਂ ‘ਤੇ ਜਾਣ ਲਈ ਕਿਹਾ ਹੈ।
ਡੀਸੀ ਡਾਕਟਰ ਹਿਮਾਂਸ਼ੂ ਅਗਰਵਾਲ ਮੰਗਲਵਾਰ ਸ਼ਾਮ ਮੌਕੇ ’ਤੇ ਪੁੱਜੇ ਅਤੇ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਹੜ੍ਹ ਪ੍ਰਭਾਵਿਤ ਇਲਾਕਿਆਂ ਤੋਂ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਜਾ ਰਿਹਾ ਹੈ। ਪੌਂਗ ਡੈਮ ਤੋਂ ਛੱਡੇ ਜਾਣ ਵਾਲੇ ਪਾਣੀ ਦੀ ਮਾਤਰਾ ਘਟਾਈ ਗਈ ਹੈ, ਜਿਸ ਕਾਰਨ ਬਿਆਸ ਦਰਿਆ ਵਿੱਚ ਪਾਣੀ ਦਾ ਪੱਧਰ ਹੇਠਾਂ ਆ ਜਾਵੇਗਾ। ਪੁਰਾਣਾ ਸ਼ਾਲਾ ਸਕੂਲ ਵਿੱਚ ਰਾਹਤ ਕੈਂਪ ਲਗਾਇਆ ਗਿਆ ਹੈ ਅਤੇ ਮੈਡੀਕਲ, ਵੈਟਰਨਰੀ ਵਿਭਾਗ ਸਮੇਤ ਸਾਰੀਆਂ ਟੀਮਾਂ ਬਚਾਅ ਕਾਰਜਾਂ ਵਿੱਚ ਲੱਗੀਆਂ ਹੋਈਆਂ ਹਨ।
ਡੀਸੀ ਡਾ: ਹਿਮਾਂਸ਼ੂ ਅਗਰਵਾਲ ਨੇ ਮੌਕੇ ’ਤੇ ਪਹੁੰਚ ਖੇਤਰ ਦਾ ਜਾਇਜ਼ਾ ਲਿਆ। ਡੀਸੀ ਅਗਰਵਾਲ ਦੇ ਹੁਕਮਾਂ ’ਤੇ ਐਮਰਜੈਂਸੀ ਲਈ ਕਿਸ਼ਤੀਆਂ ਦਾ ਪ੍ਰਬੰਧ ਕੀਤਾ ਗਿਆ ਹੈ। ਤਾਂ ਜੋ ਲੋੜ ਪੈਣ ‘ਤੇ ਕਿਸ਼ਤੀਆਂ ਦੀ ਮਦਦ ਨਾਲ ਲੋਕਾਂ ਨੂੰ ਬਚਾਇਆ ਜਾ ਸਕੇ।
ਡਿਪਟੀ ਕਮਿਸ਼ਨਰ ਅਗਰਵਾਲ ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਸਥਿਤੀ ‘ਤੇ ਨੇੜਿਓਂ ਨਜ਼ਰ ਰੱਖੀ ਜਾ ਰਹੀ ਹੈ। ਇਸ ਦੇ ਨਾਲ ਹੀ ਲੋਕਾਂ ਲਈ ਹੈਲਪਲਾਈਨ ਨੰਬਰ 1800 180 1852 ਵੀ ਜਾਰੀ ਕੀਤਾ ਗਿਆ ਹੈ। ਉਨ੍ਹਾਂ ਰਾਹਗੀਰਾਂ ਨੂੰ ਗੁਰਦਾਸਪੁਰ ਮੁਕੇਰੀਆਂ ਰੋਡ ‘ਤੇ ਦਰਿਆ ਬਿਆਸ ਦੇ ਪੁਲ ਵੱਲ ਨਾ ਜਾਣ ਲਈ ਕਿਹਾ ਹੈ। ਮੁਕੇਰੀਆਂ ਤੋਂ ਗੁਰਦਾਸਪੁਰ ਵਿਚਕਾਰ ਆਉਣ-ਜਾਣ ਲਈ ਲੋਕਾਂ ਨੂੰ ਪਠਾਨਕੋਟ, ਮੀਰਥਲ ਅਤੇ ਦੀਨਾਨਗਰ ਤੋਂ ਹੋ ਕੇ ਜਾਣਾ ਪਵੇਗਾ।