ਸਿਰਸਾ,17 ਅਗਸਤ 2023: ਉੱਤਰੀ ਅਮਰੀਕਾ ਦੇ ਹੈਤੀ ਗਣਰਾਜ ਦੀ ਥਿਓਫਨੀ ਯੂਨੀਵਰਸਿਟੀ ਨੇ ਡੇਰਾ ਸੱਚਾ ਸੌਦਾ ਸਿਰਸਾ ਦੇ ਮੌਜੂਦਾ ਗੱਦੀ ਨਸ਼ੀਨ ਗੁਰਮੀਤ ਰਾਮ ਰਹੀਮ ਸਿੰਘ ਇੰਸਾਂ ਨੂੰ ਆਯੁਰਵੈਦਿਕ ਖੇਤਰ ‘ਚ ਕੀਤੀਆਂ ਖੋਜਾਂ ਲਈ ਵੈਦਿਕ ਮੈਡੀਸਨ ਡਾਕਟਰੇਟ ਦੀ ਉਪਾਧੀ ਨਾਲ ਸਨਮਾਨਿਤ ਕੀਤਾ ਹੈ। ਯੂਨੀਵਰਸਟੀ ਵੱਲੋਂ ਡੇਰਾ ਮੁਖੀ ਨੂੰ ਇਹ ਸਨਮਾਨ ਡੇਰਾ ਸਿਰਸਾ ਮੁਖੀ ਦੇ ਜਨਮ ਦਿਨ 15 ਅਗਸਤ ਵਾਲੇ ਦਿਨ ਡਾ. ਕੁਮਾਰ ਰਾਜੇਸ਼ ਤੋਮਰ ਤੇ ਡਾ. ਸੀਮਾ ਠਾਕੁਰ ਵੱਲੋਂ ਯੂਪੀ ਦੇ ਬਾਗਪਤ ਜ਼ਿਲ੍ਹੇ ਵਿੱਚ ਸਥਿਤ ਡੇਰਾ ਸੱਚਾ ਸੌਦਾ ਬਰਨਾਵਾ ਵਿਖੇ ਭੇਂਟ ਕੀਤਾ ਗਿਆ ਜਿੱਥੇ ਉਹ ਇਨ੍ਹਾਂ ਦਿਨਾਂ ਦੌਰਾਨ ਆਪਣਾ ਪੈਰੋਲ ਦਾ ਸਮਾਂ ਬਿਤਾ ਰਿਹਾ ਹੈ।
ਇਸ ਮੌਕੇ ਡਾ. ਕੁਮਾਰ ਰਾਜੇਸ਼ ਤੋਮਰ ਤੇ ਡਾ. ਸੀਮਾ ਠਾਕੁਰ ਨੇ ਡੇਰਾ ਸਿਰਸਾ ਮੁਖੀ ਨੂੰ ‘ਗਲੋਬਲ ਗੁਰੂ’ ਦੇ ਨਾਮ ਨਾਲ ਸੰਬੋਧਨ ਕਰਦਿਆਂ ਕਿਹਾ ਕਿ ਰਾਮ ਰਹੀਮ ਨੂੰ ਇਹ ਉਪਾਧੀ ਦੇਣਾ ਯੂਨੀਵਰਸਿਟੀ ਲਈ ਬਹੁਤ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਡੇਰਾ ਮੁਖੀ ਨੇ ਸਮਾਜ ਦੇ ਭਲੇ ਲਈ ਆਯੁਰਵੈਦ ਦੇ ਖੇਤਰ ‘ਚ ਆਪਣੀ ਸਾਰੀ ਜ਼ਿੰਦਗੀ ਹੀ ਸਮਰਪਿਤ ਕੀਤੀ ਹੈ । ਉਨ੍ਹਾਂ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਆਪ ਦੀਆਂ ਸਿੱਖਿਆਵਾਂ ਪੂਰੇ ਸੰਸਾਰ ਵਿੱਚ ਪਹੁੰਚਣ ਤਾਂ ਕਿ ਪੂਰੀ ਦੁਨੀਆਂ ਦਾ ਭਲਾ ਹੋ ਸਕੇ। ਉਨ੍ਹਾਂ ਡੇਰਾ ਸੱਚਾ ਸੌਦਾ ਵੱਲੋਂ ਚਲਾਏ ਜਾ ਰਹੇ ਮਾਨਵਤਾ ਭਲਾਈ ਕਾਰਜਾਂ ਦੀ ਵੀ ਭਰਵੀਂ ਸ਼ਲਾਘਾ ਕੀਤੀ।
ਇਸ ਮੌਕੇ ਯੂਨੀਵਰਸਿਟੀ ਅਧਿਕਾਰੀਆਂ ਡਾਕਟਰ ਕੁਮਾਰ ਰਾਜੇਸ਼ ਅਤੇ ਡਾਕਟਰ ਸੀਮਾ ਠਾਕੁਰ ਨੇ ਡੇਰਾ ਸਿਰਸਾ ਮੁਖੀ ਦੀ ਮੂੰਹ ਬੋਲੀ ਬੇਟੀ ਹਨੀਪ੍ਰੀਤ ਇੰਸਾ ਨੂੰ ਵੀ ਮਾਨਵਤਾ ਭਲਾਈ ਕਾਰਜਾਂ ‘ਚ ਯੋਗਦਾਨ ਪਾਉਣ ਬਦਲੇ ਡਾਕਟਰੇਟ ਦੀ ਉਪਾਧੀ ਨਾਲ ਸਨਮਾਨਿਆ ਗਿਆ। ਉਨ੍ਹਾਂ ਇਸ ਮੌਕੇ ਹਨੀਪ੍ਰੀਤ ਇੰਸਾਂ ਵੱਲੋਂ ਕੀਤੇ ਜਾ ਰਹੇ ਭਲਾਈ ਕਾਰਜਾਂ ਦੀ ਵੀ ਸ਼ਲਾਘਾ ਕੀਤੀ।