- ਕੈਲੀਫੋਰਨੀਆ ਦੀ ਕੇਰਨ ਕਾਊਂਟੀ ‘ਚ ‘ਆਪ੍ਰੇਸ਼ਨ ਬੈਡ ਬਾਰਬੀ’ ਤਹਿਤ 23 ਗ੍ਰਿਫਤਾਰ
ਨਵੀਂ ਦਿੱਲੀ, 18 ਅਗਸਤ 2023 – ਅਮਰੀਕਾ ‘ਚ ਮਨੁੱਖੀ ਤਸਕਰੀ ਅਤੇ ਬੱਚਿਆਂ ਦੇ ਜਿਨਸੀ ਸ਼ੋਸ਼ਣ ਦੇ ਦੋਸ਼ ‘ਚ 23 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਨ੍ਹਾਂ 23 ਲੋਕਾਂ ਵਿੱਚ 5 ਭਾਰਤੀ (ਪੰਜਾਬੀ) ਨਾਗਰਿਕ ਵੀ ਸ਼ਾਮਲ ਹਨ। ਦਰਅਸਲ, ਯੂਨਾਈਟਿਡ ਸਟੇਟਸ ਸੀਕਰੇਟ ਸਰਵਿਸ, ਹੋਮਲੈਂਡ ਸਕਿਓਰਿਟੀ, ਐਫਬੀਆਈ ਸਮੇਤ ਹੋਰ ਸੁਰੱਖਿਆ ਏਜੰਸੀਆਂ ਨੇ ਮਨੁੱਖੀ ਤਸਕਰੀ ਨੂੰ ਰੋਕਣ ਲਈ ਮੁਹਿੰਮ ਚਲਾਈ ਹੈ।
ਕੈਲੀਫੋਰਨੀਆ ਦੇ ਕੇਰਨ ਕਾਉਂਟੀ ਵਿੱਚ ਚਲਾਈ ਜਾ ਰਹੀ ਇਸ ਮੁਹਿੰਮ ਨੂੰ ‘ਆਪ੍ਰੇਸ਼ਨ ਬੈਡ ਬਾਰਬੀ’ ਦਾ ਨਾਂ ਦਿੱਤਾ ਗਿਆ ਹੈ। ਦੂਜੇ ਪਾਸੇ ਜਿਨ੍ਹਾਂ 5 ਭਾਰਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਉਹ ਪੰਜਾਬ ਦੇ ਹਨ। ਇਨ੍ਹਾਂ ਵਿੱਚ 35 ਸਾਲਾ ਜਸਵਿੰਦਰ ਸਿੰਘ, 54 ਸਾਲਾ ਜੋਗਿੰਦਰ ਸਿੰਘ, 54 ਸਾਲਾ ਰਾਜਿੰਦਰਪਾਲ ਸਿੰਘ, 33 ਸਾਲਾ ਨਿਸ਼ਾਨ ਸਿੰਘ ਅਤੇ 44 ਸਾਲਾ ਕਰਨੈਲ ਸਿੰਘ ਸ਼ਾਮਲ ਹਨ।
ਕੇਰਨ ਕਾਉਂਟੀ ਵਿੱਚ ਬੇਕਰਸਫੀਲਡ ਲਾਅ ਇਨਫੋਰਸਮੈਂਟ ਦੀ ਜ਼ਿਲ੍ਹਾ ਅਟਾਰਨੀ, ਸਿੰਥੀਆ ਜ਼ਿਮਰ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੈਲੀਫੋਰਨੀਆ ਦੇ ਨਿਆਂ ਵਿਭਾਗ ਨੇ ਤਸਕਰੀ ਵਿਰੋਧੀ ਮੁਹਿੰਮ ਨੂੰ ‘ਆਪ੍ਰੇਸ਼ਨ ਬੈਡ ਬਾਰਬੀ’ ਨਾਮ ਦਿੱਤਾ ਹੈ। ਇਸ ਕਾਰਵਾਈ ਦੇ ਹਿੱਸੇ ਵਜੋਂ ਫੜੇ ਗਏ ਜ਼ਿਆਦਾਤਰ ਨੌਜਵਾਨ ਕੇਰਨ ਕਾਉਂਟੀ ਦੇ ਹਨ।
ਜ਼ਿਲ੍ਹਾ ਅਟਾਰਨੀ ਸਿੰਥੀਆ ਜ਼ਿਮਰ ਨੇ ਕਿਹਾ ਕਿ ਉਸ ਨੂੰ ਮਨੁੱਖੀ ਤਸਕਰੀ ਤੋਂ ਇਲਾਵਾ ਬਾਲ ਜਿਨਸੀ ਸ਼ੋਸ਼ਣ ਦੇ ਮਾਮਲੇ ਮਿਲੇ ਹਨ। ਬੱਚਿਆਂ ਕੋਲ ਕੁਝ ਇਤਰਾਜ਼ਯੋਗ ਸਮੱਗਰੀ ਵੀ ਮਿਲੀ। ਜਿਸ ਦੇ ਆਧਾਰ ‘ਤੇ ਕੁਝ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਪਰ ਜਦੋਂ ਮਾਮਲਾ ਵੱਡਾ ਹੋ ਗਿਆ ਤਾਂ ਸਾਰੀਆਂ ਏਜੰਸੀਆਂ ਨੇ ਮਿਲ ਕੇ ਕਾਰਵਾਈ ਕੀਤੀ। ਇਸ ਆਪਰੇਸ਼ਨ ਦੌਰਾਨ 3 ਪੀੜਤਾਂ ਨੂੰ ਵੀ ਬਚਾਇਆ ਗਿਆ ਹੈ।