ਲੁਧਿਆਣਾ, 18 ਅਗਸਤ 2023 – ਲੁਧਿਆਣਾ ਦੇ ਪਿੰਡ ਕੱਕਾ ‘ਚ ਅਣਪਛਾਤੇ ਲੋਕਾਂ ਨੇ ਇਕ ਨੌਜਵਾਨ ‘ਤੇ ਇੱਟਾਂ ਨਾਲ ਹਮਲਾ ਕਰ ਦਿੱਤਾ। ਨੌਜਵਾਨ ਆਪਣੇ ਦੋਸਤ ਨੂੰ ਬਚਾਉਣ ਗਿਆ ਸੀ। ਇਸ ਹਮਲੇ ‘ਚ ਉਸ ਦੀ ਅੱਖ ਅਤੇ ਜਬਾੜੇ ‘ਤੇ ਸੱਟ ਲੱਗੀ ਹੈ। ਉਸ ਦਾ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ।
ਪੀੜਤ ਨੌਜਵਾਨ ਨਿਸਾਰ ਨੇ ਦੱਸਿਆ ਕਿ ਉਸ ਦਾ ਦੋਸਤ ਨਮੋ ਭਾਮੀਆਂ ਵਿਖੇ ਰਹਿੰਦਾ ਹੈ। ਨਮੋ ਉਸ ਨੂੰ ਫ਼ੋਨ ਕਰਕੇ ਕਹਿੰਦਾ ਹੈ ਕਿ ਪਿੰਡ ਕੱਕੇ ਵਿੱਚ ਉਸ ਦੀ ਕਿਸੇ ਨਾਲ ਲੜਾਈ ਹੋਈ ਸੀ, ਉਹ ਉਸ ਨਾਲ ਉੱਥੇ ਚੱਲੇ। ਇਸ ‘ਤੇ ਉਹ ਆਪਣੇ ਦੋਸਤ ਨਮੋ ਨਾਲ ਉਨ੍ਹਾਂ ਲੋਕਾਂ ਕੋਲ ਗਿਆ। ਉਹ ਆਪਣੇ ਦੋਸਤ ਦੀ ਲੜਾਈ ਦਾ ਸਮਝੌਤਾ ਕਰਵਾ ਰਿਹਾ ਸੀ ਕਿ ਅਚਾਨਕ ਅਣਪਛਾਤੇ ਵਿਅਕਤੀਆਂ ਨੇ ਉਸ ‘ਤੇ ਇੱਟਾਂ-ਰੋੜੇ ਮਾਰਨੇ ਸ਼ੁਰੂ ਕਰ ਦਿੱਤੇ।
ਨਿਸਾਰ ਨੇ ਦੱਸਿਆ ਕਿ ਨਮੋ ਮੌਕੇ ਤੋਂ ਫਰਾਰ ਹੋ ਗਿਆ, ਜਦਕਿ ਉਸ ਨੂੰ ਦੂਜੀ ਧਿਰ ਦੇ ਲੋਕਾਂ ਨੇ ਫੜ ਲਿਆ। ਇਸ ਤੋਂ ਬਾਅਦ ਮੁਲਜ਼ਮਾਂ ਨੇ ਉਸ ਦੇ ਮੂੰਹ ’ਤੇ ਇੱਟਾਂ ਮਾਰੀਆਂ। ਜਦੋਂ ਉਸ ਨੇ ਰੌਲਾ ਪਾਇਆ ਤਾਂ ਮੁਲਜ਼ਮ ਉਸ ਦਾ ਮੋਟਰਸਾਈਕਲ ਅਤੇ ਮੋਬਾਈਲ ਖੋਹ ਕੇ ਫ਼ਰਾਰ ਹੋ ਗਏ। ਇਸ ਹਮਲੇ ‘ਚ ਉਸ ਦੇ ਸਿਰ, ਜਬਾੜੇ ਅਤੇ ਅੱਖ ‘ਤੇ ਗੰਭੀਰ ਸੱਟਾਂ ਲੱਗੀਆਂ ਹਨ।
ਪੀੜਤ ਚੰਡੀਗੜ੍ਹ ਰੋਡ ‘ਤੇ ਓਵਰਲਾਕ ਦਾ ਕੰਮ ਕਰਦਾ ਹੈ। ਇਕ ਰਾਹਗੀਰ ਦੀ ਮਦਦ ਨਾਲ ਨਿਸਾਰ ਨੇ ਆਪਣੇ ਫੈਕਟਰੀ ਮਾਲਕ ਨੂੰ ਫੋਨ ਕਰਕੇ ਸੂਚਨਾ ਦਿੱਤੀ। ਫੈਕਟਰੀ ਮਾਲਕ ਉਸ ਨੂੰ ਸਿਵਲ ਹਸਪਤਾਲ ਲੈ ਗਿਆ। ਡਾਕਟਰਾਂ ਮੁਤਾਬਕ ਨਿਸਾਰ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਨਿਸਾਰ ਨੇ ਦੱਸਿਆ ਕਿ ਇਸ ਸਬੰਧੀ ਸਬੰਧਤ ਥਾਣੇ ਨੂੰ ਸੂਚਿਤ ਕਰ ਦਿੱਤਾ ਗਿਆ ਹੈ।