ਇੰਦੌਰ, 18 ਅਗਸਤ 2023 – ਮੱਧ ਪ੍ਰਦੇਸ਼ ਦੇ ਸ਼ਹਿਰ ਇੰਦੌਰ ਵਿਚ ਇਕ ਹਫਤੇ ਦੇ ਅੰਦਰ-ਅੰਦਰ ਲਗਾਤਾਰ ਤੀਜਾ ਵੱਡਾ ਕਤਲਕਾਂਡ ਹੋਇਆ ਹੈ। ਵੀਰਵਾਰ ਦੇਰ ਰਾਤ ਸ਼ਹਿਰ ਵਿੱਚ ਸਨਸਨੀਖੇਜ਼ ਗੋਲੀਬਾਰੀ ਦੀ ਘਟਨਾ ਵਾਪਰੀ। ਖਜਰਾਨਾ ਥਾਣਾ ਖੇਤਰ ਦੀ ਕ੍ਰਿਸ਼ਨਾ ਬਾਗ ਕਾਲੋਨੀ ‘ਚ ਕੁੱਤੇ ਨੂੰ ਸੈਰ ਕਰਨ ਨੂੰ ਲੈ ਕੇ ਗੁਆਂਢੀਆਂ ਨਾਲ ਹੋਏ ਝਗੜੇ ਤੋਂ ਬਾਅਦ ਬੈਂਕ ਗਾਰਡ ਨੇ ਆਪਣੀ 12 ਬੋਰ ਦੀ ਲਾਇਸੈਂਸੀ ਬੰਦੂਕ ਨਾਲ ਗੋਲੀ ਚਲਾ ਦਿੱਤੀ। ਬੈਂਕ ਗਾਰਡ ਵੱਲੋਂ ਛੱਤ ਤੋਂ ਚਲਾਈ ਗਈ ਗੋਲੀ ‘ਚ ਦੋ ਲੋਕਾਂ ਦੀ ਮੌਤ ਹੋ ਗਈ ਹੈ ਅਤੇ ਛੇ ਜ਼ਖਮੀ ਹਨ। ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਬੈਂਕ ਆਫ ਬੜੌਦਾ ਦੀ ਸੁਖਾਲੀਆ ਸ਼ਾਖਾ ਦੇ ਗਾਰਡ ਰਾਜਪਾਲ ਰਾਜਾਵਤ ਨੇ ਘਰ ਦੀ ਛੱਤ ਤੋਂ ਪਹਿਲਾਂ ਦੋ ਹਵਾਈ ਫਾਇਰ ਕੀਤੇ। ਇਸ ਤੋਂ ਬਾਅਦ ਭੀੜ ‘ਤੇ ਗੋਲੀਆਂ ਚਲਾਈਆਂ ਗਈਆਂ। ਇਸ ‘ਚ ਉੱਥੇ ਖੜ੍ਹੇ ਜੀਜਾ ਅਤੇ ਸਾਲੇ ਦੀ ਮੌਤ ਹੋ ਗਈ। ਛੇ ਹੋਰ ਜ਼ਖ਼ਮੀ ਹਨ। ਮ੍ਰਿਤਕ ਰਾਹੁਲ (28) ਪਿਤਾ ਮਹੇਸ਼ ਵਰਮਾ ਅਤੇ ਵਿਮਲ (35) ਪਿਤਾ ਦੇਵਕਰਨ ਅਮਚਾ ਵਿੱਚ-ਬਚਾਅ ਲਈ ਆਏ ਸਨ। ਘਟਨਾ ਤੋਂ ਬਾਅਦ ਪੂਰੇ ਇਲਾਕੇ ‘ਚ ਦਹਿਸ਼ਤ ਫੈਲ ਗਈ।
ਐਡੀਸ਼ਨਲ ਡੀਸੀਪੀ ਅਮਰਿੰਦਰ ਸਿੰਘ ਨੇ ਦੱਸਿਆ ਕਿ ਦੋਸ਼ੀ ਰਾਜਪਾਲ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਉਸ ਦੀ ਬੰਦੂਕ ਅਤੇ ਲਾਇਸੈਂਸ ਵੀ ਜ਼ਬਤ ਕਰ ਲਿਆ ਗਿਆ ਹੈ।