ਲੁਧਿਆਣਾ, 20 ਅਗਸਤ 2023 – ਲੁਧਿਆਣਾ ਦੇ ਸਿਵਲ ਹਸਪਤਾਲ ‘ਚ 5 ਸਾਲ ਦੇ ਬੱਚੇ ‘ਤੇ 8 ਤੋਂ 10 ਕੁੱਤਿਆਂ ਨੇ ਹਮਲਾ ਕਰ ਦਿੱਤਾ। ਇਹ ਦੇਖ ਕੇ ਆਸਪਾਸ ਦੇ ਲੋਕਾਂ ਨੇ ਬੱਚੇ ਦੀ ਜਾਨ ਬਚਾਈ ਅਤੇ ਕੁੱਤਿਆਂ ਨੂੰ ਭਜਾ ਦਿੱਤਾ, ਪਰ ਉਦੋਂ ਤੱਕ ਕੁੱਤਿਆਂ ਨੇ ਬੱਚੇ ਦੀ ਪਿੱਠ ‘ਤੇ ਪੰਜੇ ਮਾਰ ਦਿੱਤੇ ਸਨ।
ਬੱਚੇ ਦੇ ਪਿਤਾ ਵਿਮਲੇਸ਼ ਕੁਮਾਰ ਨੇ ਦੱਸਿਆ ਕਿ ਉਸ ਦੀ ਪਤਨੀ ਦੀ ਡਿਲੀਵਰੀ ਹੋਣੀ ਹੈ, ਅਜਿਹੇ ‘ਚ ਉਸ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਸ਼ਨੀਵਾਰ ਨੂੰ ਉਹ ਆਪਣੇ 5 ਸਾਲ ਦੇ ਬੇਟੇ ਆਯੂਸ਼ ਨਾਲ ਜੱਚਾ-ਬੱਚਾ ਹਸਪਤਾਲ ਵੱਲ ਜਾ ਰਿਹਾ ਸੀ। ਬੱਚਾ ਹੌਲੀ-ਹੌਲੀ ਚੱਲ ਰਿਹਾ ਸੀ, ਜਿਸ ਕਾਰਨ ਉਹ ਕੁਝ ਕਦਮ ਪਿੱਛੇ ਸੀ। ਇਸ ਦੌਰਾਨ ਕਰੀਬ 8 ਤੋਂ 10 ਕੁੱਤਿਆਂ ਨੇ ਆਯੂਸ਼ ‘ਤੇ ਹਮਲਾ ਕਰ ਦਿੱਤਾ।
ਵਿਮਲੇਸ਼ ਨੇ ਦੱਸਿਆ ਕਿ ਹਸਪਤਾਲ ਦੇ ਪਾਰਕ ਵਿੱਚ ਵੀ ਕੁੱਤੇ ਘੁੰਮਦੇ ਰਹਿੰਦੇ ਹਨ। ਇੱਥੋਂ ਤੱਕ ਕਿ ਮਰੀਜ਼ਾਂ ਦੇ ਰਿਸ਼ਤੇਦਾਰ ਵੀ ਪਾਰਕ ਵਿੱਚ ਨਹੀਂ ਬੈਠ ਸਕਦੇ। ਇਨ੍ਹਾਂ ਕੁੱਤਿਆਂ ਨੇ ਕਈ ਲੋਕਾਂ ਨੂੰ ਵੱਢ ਲਿਆ ਹੈ। ਕੁੱਤਿਆਂ ਦੇ ਡਰ ਕਾਰਨ ਲੋਕਾਂ ਨੇ ਪਾਰਕ ਵਿੱਚ ਬੈਠਣਾ ਬੰਦ ਕਰ ਦਿੱਤਾ ਹੈ। ਜੇਕਰ ਕੋਈ ਹਸਪਤਾਲ ਪ੍ਰਸ਼ਾਸਨ ਨੂੰ ਸ਼ਿਕਾਇਤ ਕਰਦਾ ਹੈ ਤਾਂ ਉਹ ਨਗਰ ਨਿਗਮ ਦੇ ਸਿਰ ਭਾਂਡਾ ਭੰਨਦੇ ਹਨ।
ਹਸਪਤਾਲ ਵਿੱਚ ਇਲਾਜ ਲਈ ਆਏ ਨਿਤਿਨ ਨੇ ਦੱਸਿਆ ਕਿ ਉਹ ਅਕਸਰ ਸਿਵਲ ਹਸਪਤਾਲ ਵਿੱਚ ਇਲਾਜ ਲਈ ਆਉਂਦਾ ਹੈ। ਕਰੀਬ 1 ਹਫ਼ਤੇ ਵਿੱਚ ਆਵਾਰਾ ਕੁੱਤਿਆਂ ਦੇ ਕੱਟਣ ਦੇ 4 ਤੋਂ 5 ਕੇਸ ਹਸਪਤਾਲ ਵਿੱਚ ਆਉਂਦੇ ਹਨ। ਸਿਹਤ ਪ੍ਰਸ਼ਾਸਨ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ। ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਗਊਸ਼ਾਲਾ ਦੀ ਤਰਜ਼ ’ਤੇ ਕੁੱਤਿਆਂ ਲਈ ਡੌਗ ਪਾਊਂਡ ਬਣਾਇਆ ਜਾਵੇ।
ਹਸਪਤਾਲ ਦੀ ਐਸਐਮਓ ਮਨਦੀਪ ਕੌਰ ਨੇ ਦੱਸਿਆ ਕਿ ਇਨ੍ਹਾਂ ਕੁੱਤਿਆਂ ਦੇ ਆਪ੍ਰੇਸ਼ਨ ਕਰਵਾਉਣ ਲਈ ਨਗਰ ਨਿਗਮ ਨੂੰ ਲਿਖਿਆ ਗਿਆ ਹੈ। ਇਨ੍ਹਾਂ ਦੀ ਗਿਣਤੀ ਦਿਨੋ-ਦਿਨ ਵਧ ਰਹੀ ਹੈ। ਉਹ ਹਰ ਰੋਜ਼ ਲੋਕਾਂ ਨੂੰ ਕੱਟ ਰਹੇ ਹਨ।