ਅੰਮ੍ਰਿਤਸਰ, 24 ਅਗਸਤ 2023 – ਨਜਾਇਜ਼ ਹਥਿਆਰਾਂ ਖਿਲਾਫ ਕਾਰਵਾਈ ਕਰਦੇ ਹੋਏ ਅੰਮ੍ਰਿਤਸਰ ਜ਼ਿਲ੍ਹੇ ਦੀ ਪੁਲਸ ਨੇ ਇਕ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਹੈ। ਫਰਵਰੀ ਮਹੀਨੇ ਫੜੇ ਗਏ ਇਕ ਸਪਲਾਇਰ ਦੇ ਬਿਆਨਾਂ ਦੇ ਆਧਾਰ ‘ਤੇ ਪੁਲਸ ਨੇ ਦੋਸ਼ੀ ਨੂੰ ਪਿਸਤੌਲ ਸਮੇਤ ਕਾਬੂ ਕਰ ਲਿਆ। ਮੁਲਜ਼ਮ ਦੀ ਪਛਾਣ ਪ੍ਰਗਟ ਸਿੰਘ ਵਾਸੀ ਫਤਿਹਗੜ੍ਹ ਚੂੜੀਆਂ ਰੋਡ ਅਫਸਰ ਕਲੋਨੀ ਵਜੋਂ ਹੋਈ ਹੈ।
ਏਸੀਪੀ ਨਾਰਥ ਵਰਿੰਦਰ ਸਿੰਘ ਖੋਸਾ ਨੇ ਦੱਸਿਆ ਕਿ ਅੰਮ੍ਰਿਤਸਰ ਪੁਲੀਸ ਨੇ ਫਰਵਰੀ ਮਹੀਨੇ ਵਿੱਚ ਪ੍ਰੀਤ ਨਗਰ ਫਤਿਹਗੜ੍ਹ ਚੂੜੀਆਂ ਰੋਡ ਦੇ ਰਹਿਣ ਵਾਲੇ ਲਵਪ੍ਰੀਤ ਸਿੰਘ ਨੂੰ ਪਿਸਤੌਲ ਸਮੇਤ ਕਾਬੂ ਕੀਤਾ ਸੀ। ਮੁਲਜ਼ਮ ਤੋਂ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਉਹ ਯੂਪੀ ਤੋਂ ਦੋ ਪਿਸਤੌਲ ਲੈ ਕੇ ਆਇਆ ਸੀ, ਜਿਸ ਵਿੱਚੋਂ ਇੱਕ ਉਸ ਨੇ ਆਪਣੇ ਕੋਲ ਰੱਖਿਆ ਸੀ, ਜਦੋਂ ਕਿ ਦੂਜਾ 20 ਹਜ਼ਾਰ ਰੁਪਏ ਵਿੱਚ ਵੇਚ ਦਿੱਤਾ ਸੀ।
ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਅਤੇ ਲਵਪ੍ਰੀਤ ਤੋਂ ਬਾਅਦ ਪਰਗਟ ਨੂੰ ਵੀ ਮਾਮਲੇ ‘ਚ ਦੋਸ਼ੀ ਬਣਾਇਆ ਗਿਆ। ਪੁਲਿਸ ਨੂੰ ਪਰਗਟ ਬਾਰੇ ਜਾਣਕਾਰੀ ਮਿਲ ਰਹੀ ਸੀ, ਇਸੇ ਦੌਰਾਨ ਪੁਲਿਸ ਨੇ ਪਰਗਟ ਨੂੰ ਯੂਪੀ ਤੋਂ ਲਿਆਂਦੇ ਪਿਸਤੌਲ ਸਮੇਤ ਕਾਬੂ ਕਰ ਲਿਆ।
ਫਿਲਹਾਲ ਪਰਗਟ ਦਾ ਰਿਮਾਂਡ ਲੈ ਕੇ ਇਸ ਪਿਸਤੌਲ ਨਾਲ ਕੀਤੀਆਂ ਵਾਰਦਾਤਾਂ ਬਾਰੇ ਜਾਣਕਾਰੀ ਹਾਸਲ ਕੀਤੀ ਜਾ ਰਹੀ ਹੈ।