CM ਮਾਨ ਨੇ PU ਦੇ ਹੋਸਟਲਾਂ ਦੇ ਲਈ 48.91 ਕਰੋੜ ਰੁਪਏ ਕੀਤੇ ਜਾਰੀ

  • ਮੁੰਡਿਆਂ ਦੇ ਹੋਸਟਲ ਲਈ 25.91 ਕਰੋੜ ਰੁਪਏ ਅਤੇ ਕੁੜੀਆਂ ਦੇ ਹੋਸਟਲ ਲਈ 23 ਕਰੋੜ ਜਾਰੀ
  • ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ-ਮੁੱਖ ਮੰਤਰੀ
  • ਪੰਜਾਬ ਯੂਨੀਵਰਸਿਟੀ ਨੂੰ ਸੂਬੇ ਦੀ ਸ਼ਾਨਾਮੱਤੀ ਵਿਰਾਸਤ ਦੱਸਦਿਆਂ ਇਸ ਦੀ ਰਾਖੀ ਲਈ ਵਚਨਬੱਧਤਾ ਪ੍ਰਗਟਾਈ

ਚੰਡੀਗੜ੍ਹ, 25 ਅਗਸਤ 2023 – ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਿਚ ਵਿਦਿਆਰਥੀਆਂ ਦੀ ਵੱਡੀ ਮੰਗ ਨੂੰ ਪੂਰਾ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਯੂਨੀਵਰਸਿਟੀ ਵਿੱਚ ਲੜਕਿਆਂ ਅਤੇ ਲੜਕੀਆਂ ਦੇ ਹੋਸਟਲਾਂ ਦੇ ਨਿਰਮਾਣ ਲਈ 48.91 ਕਰੋੜ ਰੁਪਏ ਜਾਰੀ ਕਰ ਦਿੱਤੇ ਹਨ ਜਿਸ ਨਾਲ ਵਿਦਿਆਰਥੀਆਂ ਨੂੰ ਕੈਂਪਸ ਵਿਚ ਰਹਿਣ-ਸਹਿਣ ਦੀ ਵੱਡੀ ਸਹੂਲਤ ਹਾਸਲ ਹੋਵੇਗੀ।

ਇਸ ਬਾਰੇ ਵਿਸਥਾਰ ਵਿਚ ਦੱਸਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਲੜਕਿਆਂ ਦੇ ਹੋਸਟਲ ਲਈ 25.91 ਕਰੋੜ ਰੁਪਏ ਜਦਕਿ ਲੜਕੀਆਂ ਦੇ ਹੋਸਟਲ ਲਈ 23 ਕਰੋੜ ਰੁਪਏ ਜਾਰੀ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਹੋਸਟਲਾਂ ਦਾ ਨਿਰਮਾਣ ਹੋਣ ਨਾਲ ਵਿਦਿਆਰਥੀਆਂ ਨੂੰ ਬਹੁਤ ਵੱਡੀ ਸਹੂਲਤ ਮਿਲੇਗੀ ਕਿਉਂ ਜੋ ਯੂਨੀਵਰਸਿਟੀ ਵਿੱਚ ਪੜ੍ਹਦੇ ਵਿਦਿਆਰਥੀਆਂ ਨੂੰ ਹੋਸਟਲ ਦੀ ਕਮੀ ਕਾਰਨ ਆਪਣੇ ਲਈ ਪੇਇੰਗ ਗੈਸਟ ਜਾਂ ਰਹਿਣ ਲਈ ਕੋਈ ਹੋਰ ਥਾਂ ਲੱਭਣ ਦੀ ਚਿੰਤਾ ਸਤਾਉਂਦੀ ਰਹਿੰਦੀ ਹੈ।

ਭਗਵੰਤ ਸਿੰਘ ਮਾਨ ਨੇ ਕਿਹਾ ਕਿ ਵਿਦਿਆਰਥੀਆਂ ਦੀਆਂ ਲੋੜਾਂ ਨੂੰ ਮੱਦੇਨਜ਼ਰ ਰੱਖਦਿਆਂ ਇਨ੍ਹਾਂ ਹੋਸਟਲਾਂ ਦੀ ਉਸਾਰੀ ਆਧੁਨਿਕ ਲੀਹਾਂ ਉਤੇ ਕੀਤੀ ਜਾਵੇਗੀ। ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਹੋਸਟਲਾਂ ਦੇ ਬਣਨ ਨਾਲ ਵਿਦਿਆਰਥੀ ਆਪਣੇ ਪੜ੍ਹਾਈ ਉਤੇ ਹੋਰ ਵਧੇਰੇ ਧਿਆਨ ਦੇ ਸਕਣਗੇ ਅਤੇ ਉਨ੍ਹਾਂ ਨੂੰ ਕੈਂਪਸ ਵਿਚ ਹੀ ਰਿਹਾਇਸ਼ ਦੀ ਸਹੂਲਤ ਮਿਲਣ ਨਾਲ ਕਿਤੇ ਹੋਰ ਖੱਜਲ-ਖੁਆਰ ਨਹੀਂ ਹੋਣਾ ਪਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਇਸ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੇ ਹਿੱਤਾਂ ਦੀ ਰਾਖੀ ਲਈ ਕੋਈ ਕਸਰ ਬਾਕੀ ਨਹੀਂ ਛੱਡੇਗੀ।

ਮੁੱਖ ਮੰਤਰੀ ਨੇ ਉਮੀਦ ਜ਼ਾਹਰ ਕਰਦਿਆਂ ਕਿਹਾ, “ਇਨ੍ਹਾਂ ਹੋਸਟਲਾਂ ਦਾ ਨਿਰਮਾਣ ਮੁਕੰਮਲ ਹੋਣ ਮਗਰੋਂ ਇਹ ਹੋਸਟਲ ਵਿਦਿਆਰਥੀਆਂ ਨੂੰ ਆਪਣੇ ਅਕਾਦਮਿਕ ਸਾਲਾਂ ਦੌਰਾਨ ਘਰ ਵਰਗੀ ਠਹਿਰ ਦੇਣਗੇ। ਵਿਦਿਆਰਥੀਆਂ ਦੀ ਆਪਣੇ ਹੋਸਟਲ ਵਾਲੇ ਕਮਰਿਆਂ ਨਾਲ ਖ਼ਾਸ ਭਾਵੁਕ ਸਾਂਝ ਹੁੰਦੀ ਹੈ। ਇਹ ਹੋਸਟਲ ਸਿਰਫ਼ ਚਾਰ ਕੰਧਾਂ ਵਾਲੇ ਕਮਰੇ ਹੀ ਨਹੀਂ ਹੋਣਗੇ, ਸਗੋਂ ਇਹ ਸਿੱਖਿਆ ਪ੍ਰਾਪਤ ਕਰਨ ਲਈ ਅਨੁਕੂਲ ਮਾਹੌਲ ਵੀ ਮੁਹੱਈਆ ਕਰਨਗੇ।”

ਮੁੱਖ ਮੰਤਰੀ ਨੇ ਦੱਸਿਆ ਕਿ ਉਨ੍ਹਾਂ ਨੇ ਲੰਘੀ 25 ਜੁਲਾਈ ਨੂੰ ਖੁਦ ਪੰਜਾਬ ਯੂਨੀਵਰਸਿਟੀ ਕੈਂਪਸ ਦਾ ਦੌਰਾ ਕਰਕੇ ਯੂਨੀਵਰਸਿਟੀ ਦੇ ਪ੍ਰਬੰਧਕਾਂ ਅਤੇ ਵਿਦਿਆਰਥੀਆਂ ਨੂੰ ਦਰਪੇਸ਼ ਮੁਸ਼ਕਲਾਂ ਬਾਰੇ ਪੱਛਿਆ ਸੀ ਜਿਸ ਦੌਰਾਨ ਲੜਕੇ ਤੇ ਲੜਕੀਆਂ ਲਈ ਹੋਸਟਲ ਬਣਾਉਣ ਦੀ ਅਪੀਲ ਕੀਤੀ ਗਈ ਸੀ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਨ੍ਹਾਂ ਨੇ ਉਸ ਮੌਕੇ ਹੀ ਹੋਸਟਲ ਦੇ ਨਿਰਮਾਣ ਦੀ ਪ੍ਰਵਾਨਗੀ ਦਿੰਦੇ ਹੋਏ ਇਸ ਦਾ ਕੰਮ ਛੇਤੀ ਸ਼ੁਰੂ ਕਰਨ ਦਾ ਵਾਅਦਾ ਕੀਤਾ ਸੀ ਜਿਸ ਲਈ ਅੱਜ ਰਾਸ਼ੀ ਜਾਰੀ ਕਰ ਦਿੱਤੀ ਗਈ ਹੈ।

ਪੰਜਾਬ ਯੂਨੀਵਰਸਿਟੀ ਨੂੰ ਸੂਬੇ ਦੀ ਸ਼ਾਨਾਮੱਤੀ ਵਿਰਾਸਤ ਦਾ ਹਿੱਸਾ ਦੱਸਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਸ ਮਾਣਮੱਤੀ ਸੰਸਥਾ ਨੇ ਅਹਿਮ ਹਸਤੀਆਂ ਪੈਦਾ ਕੀਤੀਆਂ ਹਨ, ਜਿਨ੍ਹਾਂ ਨੇ ਵੱਖ-ਵੱਖ ਖ਼ੇਤਰਾਂ ਵਿੱਚ ਆਪਣੀ ਅਮਿੱਟ ਛਾਪ ਛੱਡੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਯੂਨੀਵਰਸਿਟੀ ਦੇ ਸਮੁੱਚੇ ਵਿਕਾਸ ਲਈ ਪੰਜਾਬ ਸਰਕਾਰ ਵਚਨਬੱਧ ਹੈ ਕਿਉਂਕਿ ਸੂਬੇ ਦੇ 175 ਕਾਲਜ ਇਸ ਯੂਨੀਵਰਸਿਟੀ ਤੋਂ ਮਾਨਤਾ ਪ੍ਰਾਪਤ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਵਿੱਚ ਸਿੱਖਿਆ ਖ਼ੇਤਰ ਨੂੰ ਵਿਸ਼ੇਸ਼ ਤਵੱਜੋ ਦੇ ਰਹੀ ਹੈ, ਚਾਹੇ ਉਹ ਸਕੂਲ ਤੇ ਕਾਲਜ ਪੱਧਰ ਦੀ ਸਿੱਖਿਆ ਹੋਵੇ ਜਾਂ ਯੂਨੀਵਰਸਿਟੀ ਪੱਧਰ ਦੀ ਸਿੱਖਿਆ ਹੋਵੇ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਨੀਰਜ ਚੋਪੜਾ ਨੇ ਪੈਰਿਸ ਓਲੰਪਿਕ ਲਈ ਕੀਤਾ ਕੁਆਲੀਫਾਈ: ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ 88.77m ਜੈਵਲਿਨ ਸੁੱਟਿਆ

ਪੰਜਾਬ ਦੇ ਰਾਜਪਾਲ ਨੇ CM ਮਾਨ ਨੂੰ ਲਿਖਿਆ ਪੱਤਰ, ਰਾਸ਼ਟਰਪਤੀ ਸ਼ਾਸਨ ਦੀ ਦਿੱਤੀ ਚੇਤਾਵਨੀ