- ਸ਼੍ਰੋਮਣੀ ਅਕਾਲੀ ਦਲ ਲੜੇਗਾ ਹਰਿਆਣਾ ਗੁਰਦੁਆਰਾ ਚੋਣਾਂ,
- ਸੁਖਬੀਰ ਨੇ ਹਰਿਆਣਾ ਦੇ ਸਿੱਖਾਂ ਨੂੰ ਗੁਰਦੁਆਰਾ ਪ੍ਰਬੰਧ ਆਧੁਨਿਕ ਮਹੰਤਾਂ ਦੇ ਕਬਜ਼ੇ ਵਿਚੋਂ ਛੁਡਾਉਣ ਦੀ ਕੀਤੀ ਅਪੀਲ
ਚੰਡੀਗੜ੍ਹ, 27 ਅਗਸਤ 2023: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਐਲਾਨ ਕੀਤਾ ਹੈ ਕਿ ਅਕਾਲੀ ਦਲ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲੜੇਗਾ ਤੇ ਉਹਨਾਂ ਨੇ ਸੰਗਤ ਨੂੰ ਅਪੀਲ ਕੀਤੀ ਕਿ ਗੁਰਦੁਆਰਾ ਸਾਹਿਬਾਨ ਦਾ ਪ੍ਰਬੰਧ ਆਧੁਨਿਕ ਮਹੰਤਾਂ ਦੇ ਕਬਜ਼ੇ ਵਿਚੋਂ ਛੁਡਵਾਉਣ ਜਿਹਨਾਂ ਨੈ ਕਾਂਗਰਸ ਤੇ ਭਾਜਪਾ ਦੀ ਮਦਦ ਨਾਲ ਰਲ ਕੇ ਇਸ ਪ੍ਰਬੰਧ ’ਤੇ ਕਬਜ਼ਾ ਕੀਤਾ ਹੈ।
ਇਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਪਾਰਟੀ ਆਪਣੇ ਚੋਣ ਨਿਸ਼ਾਨ ’ਤੇ ਇਹ ਚੋਣਾਂ ਲੜੇਗੀ। ਉਹਨਾਂ ਕਿਹਾ ਕਿ ਸਾਡਾ ਸਾਰਾ ਧਿਆਨ ਹਰਿਆਣਾ ਵਿਚ ਸਿੱਖਾਂ ਨੂੰ ਆਪਣੀ ਗੁਰਦੁਆਰਾ ਕਮੇਟੀ ਦੇਣ ਦਾ ਅਧਿਕਾਰ ਦੇਣਾ ਹੈ ਤੇ ਮੌਜੂਦਾ ਕਮੇਟੀ ਨੂੰ ਮੌਜੂਦਾ ਪ੍ਰਬੰਧਕਾਂ ਤੋਂ ਮੁਕਤ ਕਰਵਾਉਣਾ ਹੈ ਜੋ ਸਾਰੇ ਸਿਧਾਂਤਾਂ ਤੇ ਨਿਯਮਾਂ ਦੇ ਖਿਲਾਫ ਅਧਿਕਾਰਤ ਮੀਟਿੰਗਾਂ ਵਿਚ ਗੰਦੀਆਂ ਗਾਲਾਂ ’ਤੇ ਉਤਰ ਆਉਂਦੇ ਹਨ। ਉਹਨਾਂ ਨੇ ਹਰਿਆਣਾ ਵਿਚ ਸਿੱਖਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਗਿਣਤੀ ਵਿਚ ਆਪਣੀਆਂ ਵੋਟਾਂ ਬਣਵਾਉਣ ਤਾਂ ਜੋ ਸੂਬੇ ਵਿਚ ਆਉਂਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ਵਿਚ ਪੰਥ ਦਾ ਮਾਣ ਸਤਿਕਾਰ ਬਹਾਲ ਕੀਤਾ ਜਾ ਸਕੇ।
ਸੁਖਬੀਰ ਸਿੰਘ ਬਾਦਲ, ਜਿਹਨਾਂ ਨੇ ਪਾਰਟੀ ਦੀ ਕੋਰ ਕਮੇਟੀ ਵਿਚ ਹੋਈ ਚਰਚਾ ਬਾਰੇ ਮੀਡੀਆ ਨਾਲ ਜਾਣਕਾਰੀ ਸਾਂਝੀ ਕੀਤੀ, ਅਤੇ ਕਿਹਾ ਕਿ ਅਕਾਲੀ ਦਲ ਦਾ ਇਹ ਮੰਨਣਾ ਹੈ ਕਿ ਪੰਜਾਬ ਵਿਚ ਆਏ ਹੜ੍ਹ ਮਨੁੱਖ ਦੀ ਸਿਰਜੀ ਤ੍ਰਾਸਦੀ ਹਨ ਤੇ ਮੁੱਖ ਮੰਤਰੀ ਭਗਵੰਤ ਮਾਨ ਇਸ ਲਈ ਜ਼ਿੰਮੇਵਾਰ ਹਨ।