CM ਮਾਨ ਵੱਲੋਂ ਮਾਲ ਅਫਸਰਾਂ ਤੇ ਡੀ.ਸੀ. ਦਫ਼ਤਰ ਦੇ ਕਰਮਚਾਰੀਆਂ ਦੀ ਪ੍ਰਸਤਾਵਿਤ ਕਲਮਛੋੜ ਹੜਤਾਲ ਖ਼ਿਲਾਫ਼ ਸਖ਼ਤ ਕਾਰਵਾਈ ਦੇ ਨਿਰਦੇਸ਼

  • ਲੋਕਾਂ ਨੂੰ ਖੱਜਲ-ਖ਼ੁਆਰ ਕਰ ਕੇ ਆਪਣੇ ਭ੍ਰਿਸ਼ਟ ਸਾਥੀਆਂ ਦੇ ਹੱਕ ਵਿੱਚ ਨਾ ਖੜ੍ਹੋ
  • ਮੁਲਾਜ਼ਮ ਕਲਮਛੋੜ ਹੜਤਾਲ ‘ਤੇ ਜਾਣ ਲਈ ਆਜ਼ਾਦ ਪਰ ਸਰਕਾਰ ਤੈਅ ਕਰੇਗੀ ਕਿ ਉਨ੍ਹਾਂ ਨੂੰ ਕਲਮ ਵਾਪਸ ਦੇਣੀ ਹੈ ਜਾਂ ਨਹੀਂ
  • ਲੋਕਾਂ ਦੀ ਕਿਸੇ ਵੀ ਤਰ੍ਹਾਂ ਦੀ ਖੱਜਲ-ਖੁਆਰੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ

ਚੰਡੀਗੜ੍ਹ, 30 ਅਗਸਤ 2023 – ਮਾਲ ਅਫ਼ਸਰਾਂ ਵੱਲੋਂ ਆਪਣੇ ਭ੍ਰਿਸ਼ਟ ਸਾਥੀਆਂ ਦੀ ਪ੍ਰਸਤਾਵਿਤ ਹੜਤਾਲ਼ ਦਾ ਸਖ਼ਤ ਨੋਟਿਸ ਲੈਂਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅਜਿਹੇ ਅਧਿਕਾਰੀਆਂ ਖ਼ਿਲਾਫ਼ ਸਖ਼ਤ ਅਨੁਸ਼ਾਸਨੀ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ।

ਇੱਥੇ ਜਾਰੀ ਇੱਕ ਬਿਆਨ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਮਾਲ ਅਫਸਰਾਂ ਦੀਆਂ ਮਨਮਾਨੀਆਂ ਕਾਰਨ ਲੋਕਾਂ ਦੀ ਹੋਣ ਵਾਲੀ ਖੱਜਲ-ਖੁਆਰੀ ਨੂੰ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਡੀ.ਸੀ. ਦਫ਼ਤਰਾਂ ਵਿੱਚ ਮਾਲ ਅਫ਼ਸਰਾਂ ਸਮੇਤ ਸਟਾਫ਼ ਹੜਤਾਲ ’ਤੇ ਜਾਣ ਲਈ ਆਜ਼ਾਦ ਹੈ ਪਰ ਆਮ ਲੋਕਾਂ ਦੀ ਖੱਜਲ-ਖੁਆਰੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਅਧਿਕਾਰੀ ਕਲਮਛੋੜ ਹੜਤਾਲ ‘ਤੇ ਜਾਣ ਲਈ ਆਜ਼ਾਦ ਹਨ ਪਰ ਫਿਰ ਸੂਬਾ ਸਰਕਾਰ ਫੈਸਲਾ ਕਰੇਗੀ ਕਿ ਉਨ੍ਹਾਂ ਨੂੰ ਕਲਮ ਵਾਪਸ ਦੇਣੀ ਹੈ ਜਾਂ ਨਹੀਂ।

ਮੁੱਖ ਮੰਤਰੀ ਨੇ ਇਸ ਕੁਤਾਹੀ ਲਈ ਮੁਲਾਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਦੇ ਨਿਰਦੇਸ਼ ਦਿੱਤੇ ਹਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੂਬੇ ਵਿੱਚ ਵੱਡੀ ਗਿਣਤੀ ਵਿੱਚ ਬੇਰੋਜ਼ਗਾਰ ਨੌਜਵਾਨ ਹਨ, ਜੋ ਕਲਮ ਹੱਥ ਵਿੱਚ ਲੈ ਕੇ ਸੂਬੇ ਦੀ ਸੇਵਾ ਕਰਨ ਲਈ ਤਿਆਰ ਹਨ। ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਉਹ ਆਪਣੇ ਸਵਾਰਥਾਂ ਲਈ ਜਾਂ ਉਨ੍ਹਾਂ ਲੋਕਾਂ ਦੀ ਹਮਾਇਤ ਲਈ ਕਲਮਛੋੜ ਹੜਤਾਲ ਨਾ ਕਰਨ, ਜੋ ਭ੍ਰਿਸ਼ਟਾਚਾਰ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਹਨ।

ਮੁੱਖ ਮੰਤਰੀ ਨੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਪੰਜਾਬ ਸਰਕਾਰ ਸੂਬੇ ਵਿੱਚੋਂ ਭ੍ਰਿਸ਼ਟਾਚਾਰ ਦਾ ਸਫ਼ਾਇਆ ਕਰਨ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਭ੍ਰਿਸ਼ਟਾਚਾਰ ਨਾਲ ਕਤਈ ਲਿਹਾਜ਼ ਨਾ ਵਰਤਣ ਦੀ ਨੀਤੀ ਅਪਣਾਈ ਹੋਈ ਹੈ। ਭਗਵੰਤ ਸਿੰਘ ਮਾਨ ਨੇ ਸਪੱਸ਼ਟ ਕਿਹਾ ਕਿ ਵਡੇਰੇ ਲੋਕ ਹਿੱਤ ਵਿੱਚ ਸਿਸਟਮ ਨੂੰ ਪਾਰਦਰਸ਼ੀ, ਸਾਫ਼-ਸੁਥਰਾ ਅਤੇ ਪ੍ਰਭਾਵਸ਼ਾਲੀ ਬਣਾਉਣ ਦੀ ਮੁਹਿੰਮ ਵਿੱਚ ਨਾ ਤਾਂ ਕਿਸੇ ਭ੍ਰਿਸ਼ਟ ਤੱਤ ਅਤੇ ਨਾ ਹੀ ਉਨ੍ਹਾਂ ਦੇ ਕਿਸੇ ਵੀ ਹਮਦਰਦ ਨੂੰ ਬਖ਼ਸ਼ਿਆ ਜਾਵੇਗਾ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਵਿਜੀਲੈਂਸ ਵੱਲੋਂ ਕਣਕ ਵਿੱਚ 1.24 ਕਰੋੜ ਰੁਪਏ ਤੋਂ ਵੱਧ ਦਾ ਗਬਨ ਕਰਨ ਦੇ ਦੋਸ਼ ਵਿੱਚ ਪਨਗ੍ਰੇਨ ਦਾ ਇੰਸਪੈਕਟਰ ਗ੍ਰਿਫ਼ਤਾਰ

ਮੋਹਾਲੀ ਪੁਲਿਸ ਵੱਲੋ ਘੜੂੰਆ ਵਿਖੇ ਫਾ+ਇਰਿੰਗ ਕਰਨ ਵਾਲੇ ਗੈਂਗ ਦੇ ਮੈਂਬਰ 5 ਪਿਸਟਲਾਂ ਸਮੇਤ ਗ੍ਰਿਫਤਾਰ