- ਕਮਰਸ਼ੀਅਲ ਸਿਲੰਡਰ (19 ਕਿਲੋ) ਦੀ ਕੀਮਤ 158 ਰੁਪਏ ਘਟਾਈ ਗਈ,
- ਨਵੀਆਂ ਕੀਮਤਾਂ ਅੱਜ ਤੋਂ ਹੀ ਹੋਣਗੀਆਂ ਲਾਗੂ
ਨਵੀਂ ਦਿੱਲੀ, 1 ਸਤੰਬਰ 2023 – ਤੇਲ ਕੰਪਨੀਆਂ ਨੇ ਅੱਜ ਯਾਨੀ 1 ਸਤੰਬਰ ਤੋਂ ਵਪਾਰਕ ਐਲਪੀਜੀ ਸਿਲੰਡਰ (19 ਕਿਲੋ) ਦੀ ਕੀਮਤ 158 ਰੁਪਏ ਘਟਾ ਦਿੱਤੀ ਹੈ। ਨਵੀਆਂ ਕੀਮਤਾਂ ਅੱਜ ਤੋਂ ਲਾਗੂ ਹੋਣਗੀਆਂ। ਇਸ ਕਾਰਨ ਦਿੱਲੀ ‘ਚ 19 ਕਿਲੋ ਦੇ ਸਿਲੰਡਰ ਦੀ ਕੀਮਤ 1680 ਰੁਪਏ ਤੋਂ ਘੱਟ ਕੇ 1522 ਰੁਪਏ ‘ਤੇ ਆ ਗਈ ਹੈ। ਹਾਲਾਂਕਿ, ਅੱਜ ਘਰੇਲੂ ਐਲਪੀਜੀ ਸਿਲੰਡਰ (14.2 ਕਿਲੋਗ੍ਰਾਮ) ਦੀਆਂ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਘਰੇਲੂ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਰੱਖੜੀ ਵਾਲੇ ਦਿਨ ਹੀ ਕੇਂਦਰ ਸਰਕਾਰ ਵੱਲੋਂ ਪਹਿਲਾਂ ਹੀ 200 ਰੁਪਏ ਘਟਾ ਦਿੱਤੀਆਂ ਗਈਆਂ ਸਨ।
ਉਥੇ ਹੀ ਕੋਲਕਾਤਾ ‘ਚ 19 ਕਿਲੋ ਦੇ ਵਪਾਰਕ LPG ਸਿਲੰਡਰ ਦੀ ਕੀਮਤ 1802 ਰੁਪਏ ਤੋਂ ਘੱਟ ਕੇ 1636 ਰੁਪਏ ਹੋ ਗਈ ਹੈ। ਮੁੰਬਈ ‘ਚ ਇਸ ਦੀ ਕੀਮਤ ਪਹਿਲਾਂ 1640 ਰੁਪਏ ਸੀ, ਜੋ ਘੱਟ ਕੇ 1482 ਰੁਪਏ ‘ਤੇ ਆ ਗਈ ਹੈ। ਵਪਾਰਕ ਐਲਪੀਜੀ ਸਿਲੰਡਰ ਜੋ ਹੁਣ ਤੱਕ ਚੇਨਈ ਵਿੱਚ 1852 ਰੁਪਏ ਵਿੱਚ ਮਿਲਦਾ ਸੀ, ਹੁਣ 1695 ਰੁਪਏ ਵਿੱਚ ਮਿਲੇਗਾ। ਇਸ ਤੋਂ ਪਹਿਲਾਂ 29 ਅਗਸਤ ਨੂੰ ਸਰਕਾਰ ਨੇ ਘਰੇਲੂ ਗੈਸ ਸਿਲੰਡਰ (14.2 ਕਿਲੋਗ੍ਰਾਮ) ਦੀ ਕੀਮਤ ਵਿੱਚ 200 ਰੁਪਏ ਦੀ ਕਟੌਤੀ ਕੀਤੀ ਸੀ।