ਜਲੰਧਰ, 5 ਸਤੰਬਰ 2023 – ਦੋ ਸਕੇ ਭਰਾਵਾਂ ਵੱਲੋਂ ਬਿਆਸ ਦਰਿਆ ‘ਚ ਛਾਲ ਮਾਰੇ ਨੂੰ ਅੱਜ 18 ਦਿਨ ਹੋ ਗਏ ਹਨ ਅਤੇ 4 ਦਿਨ ਪਹਿਲਾਂ ਦੋਵਾਂ ਭਰਾਵਾਂ ‘ਚੋਂ ਛੋਟੇ ਭਰਾ ਜਸ਼ਨਪ੍ਰੀਤ ਦੀ ਲਾਸ਼ ਮਿਲ ਗਈ ਸੀ। ਜਿਸ ਤੋਂ ਬਾਅਦ ਅੱਜ ਫੇਰ ਢਿੱਲੋਂ ਭਰਾਵਾਂ ਮਾਨਵਜੀਤ ਅਤੇ ਜਸ਼ਨਵੀਰ ਦੇ ਪਿਤਾ ਜਤਿੰਦਰਪਾਲ ਢਿੱਲੋਂ ਨੇ ਪ੍ਰਸ਼ਾਸਨ, ਸਰਕਾਰ ਅਤੇ ਲੋਕਾਂ ਅੱਗੇ ਅਪੀਲ ਕੀਤੀ ਹੈ ਇਸ ਮਾਮਲੇ ‘ਚ ਸ਼ਾਮਿਲ ਐਸ ਐਚ ਓ ਨਵਦੀਪ ਸਮੇਤ ਬਾਕੀ ਮੁਲਾਜ਼ਮਾਂ ਦੀ ਗ੍ਰਿਫਤਾਰੀ ਯਕੀਨੀ ਬਣਾਈ ਜਾਵੇ।
ਪਿਤਾ ਜਤਿੰਦਰਪਾਲ ਢਿੱਲੋਂ ਨੇ ਕਿਹਾ ਕਿ ਜਸ਼ਨਪ੍ਰੀਤ ਸਿੰਘ ਢਿੱਲੋਂ ਦੀ ਲਾਸ਼ ਮਿਲਣ ਤੋਂ ਬਾਅਦ ਥਾਣਾ ਨੰਬਰ ਇੱਕ ਡਿਵੀਜ਼ਨ ਜਲੰਧਰ ਦੇ ਸਾਬਕਾ ਐਸਐਚਓ ਨਵਦੀਪ ਸਿੰਘ, ਇੱਕ ਮਹਿਲਾ ਪੁਲਿਸ ਅਧਿਕਾਰੀ ਜਗਜੀਤ ਕੌਰ ਅਤੇ ਥਾਣੇ ਦੇ ਮੁਨਸ਼ੀ ਬਲਵਿੰਦਰ ਦੇ ਖਿਲਾਫ਼ ਆਈਪੀਸੀ ਦੀ ਧਾਰਾ 306 ਅਤੇ 34 ਰਹਿਤ ਮਾਮਲਾ ਦਰਜ ਕਰ ਲਿਆ ਗਿਆ ਸੀ, ਪਰ ਗ੍ਰਿਫਤਾਰੀ ਨਹੀਂ ਹੋਈ, ਉਹ ਉਦੋਂ ਤੋਂ ਹੀ ਫਰਾਰ ਹਨ ਅਤੇ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ।
ਪਿਤਾ ਨੇ ਅਪੀਲ ਕੀਤੀ ਕਿ ਅੱਜ 4 ਦਿਨ ਹੋ ਗਏ ਹਨ ਉਨ੍ਹਾਂ ਦੇ ਛੋਟੇ ਬੇਟੇ ਦੀ ਲਾਸ਼ ਕਪੂਰਥਲਾ ਦੀ ਮੋਰਚਰੀ ‘ਚ ਪੈ ਹੈ। ਉਨ੍ਹਾਂ ਕਿਹਾ ਕਿ ਜੇ ਐਸ ਐਚ ਓ ਨਵਦੀਪ ਸਮੇਤ ਬਾਕੀ ਮੁਲਾਜ਼ਮਾਂ ਦੀ ਗ੍ਰਿਫਤਾਰੀ ਨਾ ਹੋਈ ਤਾਂ ਕੱਲ੍ਹ ਨੂੰ ਜਸ਼ਨਪ੍ਰੀਤ ਢਿੱਲੋਂ ਦੀ ਲਾਸ਼ ਜਲੰਧਰ ਲਿਆਂਦੀ ਜਾਵੇਗੀ। ਜਲੰਧਰ ਲਿਆਉਣ ਤੋਂ ਬਾਅਦ ਚੰਡੀਗੜ੍ਹ ਜਾਵਾਂਗੇ ਅਤੇ ਫੇਰ ਕੋਈ ਵੱਡਾ ਐਕਸ਼ਨ ਲਿਆ ਜਾਵੇਗਾ।