- ਪੁਲਿਸ ਨੇ ਕੀਤਾ ਕਾਬੂ
ਅੰਮ੍ਰਿਤਸਰ, 6 ਸਤੰਬਰ 2023 – ਅੰਮ੍ਰਿਤਸਰ ‘ਚ ਪੁਲਸ ਨੇ 15 ਕਿਲੋ ਹੈਰੋਇਨ ਸਮੇਤ ਇਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੂੰ ਇਤਲਾਹ ਮਿਲੀ ਸੀ ਕਿ ਮੁਲਜ਼ਮ ਆਈ-10 ਗ੍ਰੈਂਡ ਚਿੱਟੇ ਰੰਗ ਦੀ ਕਾਰ ਵਿੱਚ ਗੁਰਦਾਸਪੁਰ ਤੋਂ ਨਸ਼ੇ ਦੀ ਖੇਪ ਸਪਲਾਈ ਕਰਨ ਲਈ ਆ ਰਿਹਾ ਹੈ। ਪੁਲੀਸ ਨੇ ਜੀਟੀ ਰੋਡ ਮੋੜ ਪਿੰਡ ਲਹਿਰਕਾ ’ਤੇ ਨਾਕਾਬੰਦੀ ਕਰਕੇ ਉਸ ਨੂੰ ਰੁਕਣ ਦਾ ਇਸ਼ਾਰਾ ਕੀਤਾ, ਪਰ ਮੁਲਜ਼ਮ ਗੱਡੀ ਨੂੰ ਵਾਪਸ ਭਜਾ ਕੇ ਲੈ ਗਿਆ।
ਪੁਲਿਸ ਮੁਲਾਜ਼ਮਾਂ ਨੇ ਪਿੱਛਾ ਕਰਕੇ ਤਸਕਰ ਨੂੰ ਕਾਬੂ ਕਰ ਲਿਆ। ਜਦੋਂ ਗੱਡੀ ਦੀ ਤਲਾਸ਼ੀ ਲਈ ਗਈ ਤਾਂ ਹੈਰੋਇਨ ਦੀ ਖੇਪ ਬਰਾਮਦ ਹੋਈ। ਤਸਕਰ ਦੀ ਪਛਾਣ ਹਰਪ੍ਰੀਤ ਸਿੰਘ ਉਰਫ ਲਵਲੀ ਵਜੋਂ ਹੋਈ ਹੈ। ਸੂਤਰਾਂ ਅਨੁਸਾਰ ਤਸਕਰ ਨੇ ਸਰਹੱਦੀ ਖੇਤਰ ਵਿੱਚ ਕਿਸੇ ਵਿਅਕਤੀ ਨੂੰ ਹੈਰੋਇਨ ਪਹੁੰਚਾਉਣੀ ਸੀ ਪਰ ਇਸ ਤੋਂ ਪਹਿਲਾਂ ਹੀ ਪੁਲੀਸ ਨੇ ਉਸ ਨੂੰ ਫੜ ਲਿਆ।
ਮੁਲਜ਼ਮ ਲਵਲੀ ਨੇ ਪੁਲੀਸ ਪੁੱਛਗਿੱਛ ਦੌਰਾਨ ਖੁਲਾਸਾ ਕੀਤਾ ਕਿ ਉਹ ਡਰੋਨ ਰਾਹੀਂ ਪਾਕਿਸਤਾਨ ਤੋਂ ਹੈਰੋਇਨ ਦੀ ਖੇਪ ਮੰਗਵਾ ਕੇ ਭਾਰਤ ਦੇ ਵੱਖ-ਵੱਖ ਸ਼ਹਿਰਾਂ ਵਿੱਚ ਸਪਲਾਈ ਕਰਦਾ ਹੈ। ਪੁਲਿਸ ਨੇ ਮੁਲਜ਼ਮਾਂ ਦੇ ਮੋਬਾਈਲ ਡਿਟੇਲ ਅਤੇ ਵਾਹਨ ਤੋਂ ਹੋਰ ਸੁਰਾਗ ਇਕੱਠੇ ਕਰ ਲਏ ਹਨ। ਮੁਲਜ਼ਮਾਂ ਦੇ ਪਿਛਲੇ ਰਿਕਾਰਡ ਦੀ ਵੀ ਜਾਂਚ ਕੀਤੀ ਜਾ ਰਹੀ ਹੈ।
ਪੁਲਿਸ ਹੁਣ ਉਨ੍ਹਾਂ ਨਸ਼ਾ ਤਸਕਰਾਂ ਨੂੰ ਫੜਨ ਲਈ ਛਾਪੇਮਾਰੀ ਕਰ ਰਹੀ ਹੈ ਜਿਨ੍ਹਾਂ ਨੂੰ ਉਹ ਹੈਰੋਇਨ ਸਪਲਾਈ ਕਰਦਾ ਸੀ।