ਸ਼ਿਮਲਾ, 8 ਸਤੰਬਰ 2023 – ਹਿਮਾਚਲ ਪ੍ਰਦੇਸ਼ ਦੇ ਕਿਨੌਰ ਦੇ ਨਿਗੁਲਸਰੀ ‘ਚ ਬੀਤੀ ਰਾਤ ਪੂਰਾ ਪਹਾੜ ਸੜਕ ‘ਤੇ ਡਿੱਗ ਗਿਆ। ਇਸ ਤੋਂ ਬਾਅਦ ਹਿਮਾਚਲ ਦਾ ਕਬਾਇਲੀ ਜ਼ਿਲ੍ਹਾ ਕਿਨੌਰ ਦੇਸ਼ ਅਤੇ ਦੁਨੀਆ ਤੋਂ ਪੂਰੀ ਤਰ੍ਹਾਂ ਕੱਟ ਗਿਆ ਹੈ। ਨਿਗੁਲਸਰੀ ਵਿੱਚ ਬੀਤੀ ਰਾਤ ਸਾਢੇ 11 ਵਜੇ ਪੂਰਾ ਪਹਾੜ ਹਾਈਵੇਅ ’ਤੇ ਡਿੱਗ ਗਿਆ। ਇਸ ਕਾਰਨ ਭਾਰਤ-ਤਿੱਬਤ ਸਰਹੱਦ ਨੂੰ ਜੋੜਨ ਵਾਲਾ ਚੰਡੀਗੜ੍ਹ-ਸ਼ਿਮਲਾ-ਕਿਨੌਰ ਨੈਸ਼ਨਲ ਹਾਈਵੇਅ-5 ਪੂਰੀ ਤਰ੍ਹਾਂ ਬੰਦ ਹੋ ਗਿਆ ਹੈ।ਨਿਗੁਲਸਰੀ ਵਿੱਚ 150 ਤੋਂ 200 ਮੀਟਰ ਤੱਕ ਸੜਕ ਪੂਰੀ ਤਰ੍ਹਾਂ ਟੁੱਟ ਚੁੱਕੀ ਹੈ। ਇਸ ਕਾਰਨ ਹਾਈਵੇਅ ਦੇ ਜਲਦੀ ਬਹਾਲ ਹੋਣ ਦੀ ਕੋਈ ਉਮੀਦ ਨਹੀਂ ਹੈ। ਹਾਲਾਂਕਿ, ਬੁੱਧਵਾਰ ਰਾਤ ਅਤੇ ਵੀਰਵਾਰ ਦੁਪਹਿਰ ਨੂੰ ਵੀ ਇੱਥੇ ਢਿੱਗਾਂ ਡਿੱਗੀਆਂ। ਅੱਜ ਸੜਕ ਨੂੰ ਬਹਾਲ ਕਰਨ ਦਾ ਦਾਅਵਾ ਕੀਤਾ ਜਾ ਰਿਹਾ ਸੀ।
ਇਸ ਦੌਰਾਨ ਬੀਤੀ ਰਾਤ ਤੀਜੀ ਵਾਰ ਜ਼ਮੀਨ ਖਿਸਕਣ ਦੀ ਘਟਨਾ ਵਾਪਰੀ। ਇਸ ਤੋਂ ਬਾਅਦ ਕਿਨੌਰ ਜ਼ਿਲ੍ਹਾ ਕਈ ਦਿਨਾਂ ਲਈ ਅਲੱਗ-ਥਲੱਗ ਹੋ ਗਿਆ ਹੈ।ਹੁਣ ਹਾਈਵੇਅ ‘ਤੇ ਦੋਵੇਂ ਪਾਸੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ ਹਨ। ਸੇਬ ਉਤਪਾਦਕਾਂ ਨੂੰ ਸਭ ਤੋਂ ਵੱਧ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਨੌਰ ਜ਼ਿਲ੍ਹੇ ਦੇ ਨੀਵੇਂ ਇਲਾਕਿਆਂ ਵਿੱਚ ਸੇਬ ਦੀ ਫ਼ਸਲ ਤਿਆਰ ਹੈ। ਅਜਿਹੇ ‘ਚ ਜਦੋਂ ਤੱਕ ਸੜਕ ਨੂੰ ਬਹਾਲ ਨਹੀਂ ਕੀਤਾ ਜਾਂਦਾ, ਬਾਗਬਾਨਾਂ ਨੂੰ ਸੇਬਾਂ ਦੇ ਸੜਨ ਦਾ ਡਰ ਹੈ। ਸਥਾਨਕ ਪ੍ਰਸ਼ਾਸਨ ਅਤੇ ਲੋਕ ਨਿਰਮਾਣ ਵਿਭਾਗ ਸੜਕ ਦੀ ਮੁਰੰਮਤ ਵਿੱਚ ਜੁਟਿਆ ਹੋਇਆ ਹੈ।