- Morocco ‘ਚ 3 ਦਿਨਾਂ ਦੇ ਰਾਸ਼ਟਰੀ ਸੋਗ ਦਾ ਐਲਾਨ
ਨਵੀਂ ਦਿੱਲੀ, 10 ਸਤੰਬਰ 2023 – ਮੋਰੱਕੋ ‘ਚ ਸ਼ੁੱਕਰਵਾਰ ਦੇਰ ਰਾਤ ਆਏ ਭੂਚਾਲ ‘ਚ ਹੁਣ ਤੱਕ 2 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ। ਬੀਬੀਸੀ ਮੁਤਾਬਕ 1400 ਤੋਂ ਵੱਧ ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋਏ ਹਨ। ਕਿੰਗ ਮੁਹੰਮਦ ਛੇਵੇਂ ਨੇ 3 ਦਿਨਾਂ ਦੇ ਰਾਸ਼ਟਰੀ ਸੋਗ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਪੀੜਤਾਂ ਨੂੰ ਖਾਣਾ, ਰਿਹਾਇਸ਼ ਅਤੇ ਹੋਰ ਮਦਦ ਮੁਹੱਈਆ ਕਰਵਾਉਣ ਦੇ ਹੁਕਮ ਦਿੱਤੇ ਹਨ।
ਮੋਰੱਕੋ ਦੇ ਭੂ-ਵਿਗਿਆਨਕ ਕੇਂਦਰ ਮੁਤਾਬਕ ਭੂਚਾਲ ਦੀ ਤੀਬਰਤਾ 7.2 ਸੀ। ਹਾਲਾਂਕਿ ਅਮਰੀਕੀ ਭੂ-ਵਿਗਿਆਨ ਸਰਵੇਖਣ ਨੇ ਇਸਦੀ ਤੀਬਰਤਾ 6.8 ਰੱਖੀ ਹੈ। ਨਾਲ ਹੀ ਕਿਹਾ ਕਿ 120 ਸਾਲਾਂ ਵਿੱਚ ਇਸ ਖੇਤਰ ਵਿੱਚ ਆਉਣ ਵਾਲਾ ਇਹ ਸਭ ਤੋਂ ਸ਼ਕਤੀਸ਼ਾਲੀ ਭੂਚਾਲ ਹੈ।
ਮੋਰੱਕੋ ਦੇ ਸਰਕਾਰੀ ਟੈਲੀਵਿਜ਼ਨ ਨੇ ਦੱਸਿਆ ਕਿ ਭੂਚਾਲ ਕਾਰਨ ਕਈ ਇਮਾਰਤਾਂ ਢਹਿ ਗਈਆਂ ਹਨ। ਭੂਚਾਲ ਦਾ ਕੇਂਦਰ ਮਾਰਾਕੇਸ਼ ਸ਼ਹਿਰ ਤੋਂ 70 ਕਿਲੋਮੀਟਰ ਦੂਰ ਐਟਲਸ ਪਹਾੜ ਨੇੜੇ ਇਘਿਲ ਪਿੰਡ ਦੱਸਿਆ ਗਿਆ ਹੈ। ਭੂਚਾਲ ਦੀ ਡੂੰਘਾਈ ਜ਼ਮੀਨ ਤੋਂ 18.5 ਕਿਲੋਮੀਟਰ ਹੇਠਾਂ ਸੀ। ਭੂਚਾਲ ਦੇ ਝਟਕੇ ਪੁਰਤਗਾਲ ਅਤੇ ਅਲਜੀਰੀਆ ਤੱਕ ਮਹਿਸੂਸ ਕੀਤੇ ਗਏ।
ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੋਰੱਕੋ ‘ਚ ਆਏ ਭੂਚਾਲ ‘ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਕਿਹਾ- ਅਸੀਂ ਇਸ ਦੁੱਖ ਦੀ ਘੜੀ ਵਿੱਚ ਮੋਰੋਕੋ ਦੇ ਨਾਲ ਹਾਂ। ਅਸੀਂ ਹਰ ਸੰਭਵ ਮਦਦ ਦੇਣ ਲਈ ਤਿਆਰ ਹਾਂ। ਅਮਰੀਕੀ ਰਾਸ਼ਟਰਪਤੀ ਜੋਅ ਬਿਡੇਨ ਅਤੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਵੀ ਮੋਰੱਕੋ ਨੂੰ ਹਰ ਸੰਭਵ ਮਦਦ ਦੇਣ ਦੀ ਗੱਲ ਕਹੀ ਹੈ।