- ਸ਼੍ਰੀਲੰਕਾ ਲਗਾਤਾਰ 13 ਵਨਡੇ ਜਿੱਤਣ ਤੋਂ ਬਾਅਦ 14ਵਾਂ ਮੈਚ ਹਾਰਿਆ,
- ਕੁਲਦੀਪ ਨੇ 4 ਵਿਕਟਾਂ ਲਈਆਂ
ਨਵੀਂ ਦਿੱਲੀ, 13 ਸਤੰਬਰ 2023 – ਭਾਰਤ ਨੇ ਏਸ਼ੀਆ ਕੱਪ 2023 ਦੇ ਫਾਈਨਲ ਵਿੱਚ ਪ੍ਰਵੇਸ਼ ਕਰ ਲਿਆ ਹੈ। ਟੀਮ ਨੇ ਚੌਥੇ ਸੁਪਰ-4 ਮੈਚ ‘ਚ ਮੌਜੂਦਾ ਚੈਂਪੀਅਨ ਸ਼੍ਰੀਲੰਕਾ ਨੂੰ 41 ਦੌੜਾਂ ਨਾਲ ਹਰਾਇਆ। ਸ਼੍ਰੀਲੰਕਾ ਲਗਾਤਾਰ 13 ਵਨਡੇ ਜਿੱਤਣ ਤੋਂ ਬਾਅਦ 14ਵਾਂ ਮੈਚ ਹਾਰ ਗਿਆ। ਟੀਮ ਲਗਾਤਾਰ ਸਭ ਤੋਂ ਵੱਧ ਵਨਡੇ ਜਿੱਤਾਂ ਦੇ ਮਾਮਲੇ ਵਿੱਚ ਦੂਜੇ ਸਥਾਨ ‘ਤੇ ਰਹੀ। ਆਸਟ੍ਰੇਲੀਆ 21 ਜਿੱਤਾਂ ਨਾਲ ਪਹਿਲੇ ਸਥਾਨ ‘ਤੇ ਹੈ।
ਕੋਲੰਬੋ ਦੇ ਆਰ ਪ੍ਰੇਮਦਾਸਾ ਸਟੇਡੀਅਮ ‘ਚ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਭਾਰਤੀ ਟੀਮ 49.1 ਓਵਰਾਂ ‘ਚ 213 ਦੌੜਾਂ ‘ਤੇ ਆਲ ਆਊਟ ਹੋ ਗਈ। ਜਵਾਬ ‘ਚ ਸ਼੍ਰੀਲੰਕਾ ਦੀ ਟੀਮ 41.3 ਓਵਰਾਂ ‘ਚ 172 ਦੌੜਾਂ ਹੀ ਬਣਾ ਸਕੀ। ਸ਼੍ਰੀਲੰਕਾ ਵੱਲੋਂ 20 ਸਾਲ ਦੇ ਆਲਰਾਊਂਡਰ ਡੁਨਿਥ ਵੇਲਾਲਾਘੇ ਨੇ 5 ਵਿਕਟਾਂ ਲਈਆਂ। ਉਸ ਨੇ ਦੂਜੀ ਪਾਰੀ ਵਿੱਚ ਵੀ 42 ਦੌੜਾਂ ਦੀ ਨਾਬਾਦ ਪਾਰੀ ਵੀ ਖੇਡੀ। ਇਸ ਪ੍ਰਦਰਸ਼ਨ ਲਈ ਉਸ ਨੂੰ ਪਲੇਅਰ ਆਫ ਦ ਮੈਚ ਦਾ ਐਵਾਰਡ ਮਿਲਿਆ।
214 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਸ਼੍ਰੀਲੰਕਾ ਦੀ ਟੀਮ ਦੀ ਸ਼ੁਰੂਆਤ ਖਰਾਬ ਰਹੀ। ਟੀਮ ਨੇ ਤੀਜੇ ਓਵਰ ਵਿੱਚ ਪਥੁਮ ਨਿਸਾਂਕਾ (6 ਦੌੜਾਂ) ਦਾ ਵਿਕਟ ਗੁਆ ਦਿੱਤਾ। ਕੁਸਲ ਮੈਂਡਿਸ (15 ਦੌੜਾਂ) ਨੇ ਪਾਰੀ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ ਪਰ ਉਹ ਵੀ 7ਵੇਂ ਓਵਰ ਵਿੱਚ ਬੁਮਰਾਹ ਦਾ ਸ਼ਿਕਾਰ ਬਣ ਗਿਆ। 8ਵੇਂ ਓਵਰ ਵਿੱਚ ਮੁਹੰਮਦ ਸਿਰਾਜ ਨੇ ਦਿਮੁਥ ਕਰੁਣਾਰਤਨੇ (2 ਦੌੜਾਂ) ਨੂੰ ਪੈਵੇਲੀਅਨ ਭੇਜਿਆ। ਸ਼੍ਰੀਲੰਕਾ ਨੇ ਪਹਿਲੇ 10 ਓਵਰਾਂ ‘ਚ 39 ਦੌੜਾਂ ਬਣਾ ਕੇ 3 ਵਿਕਟਾਂ ਗੁਆ ਦਿੱਤੀਆਂ ਸਨ।
ਸੁਪਰ-4 ਪੜਾਅ ‘ਚ ਭਾਰਤ ਦੇ 4 ਅੰਕ ਹਨ। ਹੁਣ 14 ਸਤੰਬਰ ਨੂੰ ਸ਼੍ਰੀਲੰਕਾ ਅਤੇ ਪਾਕਿਸਤਾਨ ਵਿਚਾਲੇ ਹੋਣ ਵਾਲਾ ਮੈਚ ਨਾਕਆਊਟ ਵਰਗਾ ਹੋਵੇਗਾ। ਦੋਵਾਂ ਟੀਮਾਂ ਦੇ 2-2 ਅੰਕ ਹਨ, ਜੋ ਵੀ ਟੀਮ ਜਿੱਤੇਗੀ ਉਹ 4 ਅੰਕਾਂ ਨਾਲ ਫਾਈਨਲ ਵਿੱਚ ਪਹੁੰਚਣ ਵਾਲੀ ਦੂਜੀ ਟੀਮ ਬਣ ਜਾਵੇਗੀ। ਬੰਗਲਾਦੇਸ਼ ਭਾਰਤ ਦੇ ਖਿਲਾਫ ਆਖਰੀ ਮੈਚ ਜਿੱਤਣ ‘ਤੇ ਵੀ ਸਿਰਫ 2 ਅੰਕ ਹਾਸਲ ਕਰ ਸਕੇਗਾ, ਇਸ ਲਈ ਉਹ ਬਾਹਰ ਹੋ ਗਿਆ ਹੈ।